ਕੋਰੋਨਾਵਾਇਰਸ : ਜਲੰਧਰ ’ਚ ਵਾਇਰਸ ਨਾਲ ਪਹਿਲੀ ਮੌਤ

323
Share

ਜਲੰਧਰ, 9 ਅਪ੍ਰੈਲ (ਪੰਜਾਬ ਮੇਲ)- ਜਲੰਧਰ ’ਚ ਕੋਰੋਨਾ ਵਾਇਰਸ ਦੇ ਕਾਰਨ ਪਹਿਲੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਕਾਂਗਰਸੀ ਆਗੂ ਦੇ ਪਿਤਾ ਪ੍ਰਵੀਨ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਦੀ ਬੀਤੇ ਦਿਨ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਸੀ, ਜਿਸ ਤੋਂ ਬਾਅਦ ਉਹ ਵੈਂਟੀਲੇਟਰ ’ਤੇ ਸੀ। ਇਲਾਜ ਦੌਰਾਨ ਅੱਜ ਸਵੇਰੇ ਤੜਕਸਾਰ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਬੀਤੇ ਦਿਨ ਦੁਪਹਿਰ ਦੇ ਸਮੇਂ ਮਾਈ ਹੀਰਾ ਗੇਟ ਦੇ ਕੋਲ ਮਿੱਠਾ ਬਾਜ਼ਾਰ ਵਿਚ ਕਾਂਗਰਸੀ ਨੇਤਾ ਦਾ ਪਿਤਾ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ, ਜੋ ਕੁਝ ਦਿਨਾਂ ਤੋਂ ਬੀਮਾਰ ਸੀ। ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਨਿਜਾਤਮ ਨਗਰ ਵਿਚ ਕੋਰੋਨਾ ਪਾਜ਼ੇਟਿਵ ਪਾਈ ਗਈ ਬਜ਼ੁਰਗ ਔਰਤ ਦੇ ਪੁੱਤਰ ਦੇ ਵੀ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ।

ਸਿਹਤ ਵਿਭਾਗ ਨੇ ਨਿਜ਼ਾਤਮ ਨਗਰ ਦੇ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ। ਪੀੜਤ ਦੀ ਮਾਂ ਦਾ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ, ਜਦਕਿ ਉਸ ਦਾ ਬੇਟਾ ਸਿਵਲ ਹਸਪਤਾਲ ਜਲੰਧਰ ਵਿਚ ਦਾਖਲ ਹੈ। ਦੋਨਾਂ ਦੀ ਹਾਲਤ ਸਥਿਰ ਹੈ। ਮਾਂ-ਪੁੱਤਰ ਤੋਂ ਇਲਾਵਾ ਪਹਿਲਾਂ ਤਿੰਨ ਕੇਸ ਗੁਰਾਇਆ ਦੇ ਪਿੰਡ ਵਿਰਕਾਂ ਤੋਂ ਮਿਲੇ ਸਨ। ਇਹ ਸਾਰੇ ਨਵਾਂਸ਼ਹਿਰ ਦੇ ਉਸ ਪਾਠੀ ਦੇ ਰਿਸ਼ਤੇਦਾਰ ਸਨ, ਜਿਸ ਦੀ ਬੰਗਾ ਵਿਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।


Share