ਚੰਡੀਗੜ੍ਹ, 17 ਜੁਲਾਈ (ਪੰਜਾਬ ਮੇਲ)- ਦੁਨੀਆਂ ਭਰ ‘ਚ ਕਈ ਵਿਗਿਆਨੀ ਇਸ ਵੇਲੇ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ‘ਚ ਜੁੱਟੇ ਹੋਏ ਹਨ। ਅਜਿਹੇ ‘ਚ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਨੇ ਰੂਸ ‘ਤੇ ਵੈਕਸੀਨ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਹਨ। ਤਿੰਨਾਂ ਦੇਸ਼ਾਂ ਦਾ ਦਾਅਵਾ ਹੈ ਕਿ ਰੂਸ ਮੈਡੀਕਲ ਸੰਗਠਨਾਂ ਅਤੇ ਯੂਨੀਵਰਸਿਟੀਜ਼ ‘ਤੇ ਸਾਇਬਰ ਹਮਲੇ ਕਰਕੇ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਕ੍ਰੇਮਲਿਨ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਅਮਰੀਕਾ ਤੇ ਬ੍ਰਿਟੇਨ ਤੋਂ ਇਲਾਵਾ ਰੂਸ ਨੇ ਵੀ ਦਾਅਵਾ ਕੀਤਾ ਕਿ ਉਸ ਦੀ ਕੋਰੋਨਾ ਵੈਕਸੀਨ ਸ਼ੁਰੂਆਤੀ ਟ੍ਰਾਇਲ ‘ਚ ਅਸਰਦਾਰ ਸਾਬਿਤ ਹੋਈ ਹੈ। ਤਿੰਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਇੰਟਲੈਕਚੁਅਲ ਪ੍ਰਾਪਰਟੀ ਚੋਰੀ ਕਰਨ ਦੀ ਕੋਸ਼ਿਸ਼ ‘ਚ ਸਾਇਬਰ ਹਮਲੇ ਕਰ ਰਿਹਾ ਹੈ ਤਾਂ ਕਿ ਉਹ ਸਭ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਨਾਲ-ਨਾਲ ਹੀ ਕੋਰੋਨਾ ਵੈਕਸੀਨ ਵਿਕਸਿਤ ਕਰ ਸਕੇ।
ਤਿੰਨਾਂ ਨੇ ਵੀਰਵਾਰ ਇਕ ਸਾਂਝਾ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ APT29 (Cozy Bear) ਨਾਂਅ ਦੇ ਹੈਕਿੰਗ ਗਰੁੱਪ ਨੇ ਅਭਿਆਨ ਛੇੜਿਆ ਹੋਇਆ ਹੈ। ਸਿਕਿਓਰਟੀ ਚੀਫ ਦਾ ਦਾਅਵਾ ਹੈ ਕਿ ਇਹ ਗਰੁੱਪ ਰੂਸ ਦੀਆਂ ਖੁਫੀਆ ਏਜੰਸੀਆਂ ਦਾ ਹਿੱਸਾ ਹੈ ਤੇ ਕ੍ਰੇਮਲਿਨ ਦੇ ਇਸ਼ਾਰੇ ‘ਤੇ ਕੰਮ ਕਰਦਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸਹਿਯੋਗੀਆਂ ਨਾਲ ਮਿਲ ਕੇ ਇਨ੍ਹਾਂ ਹਮਲਿਆਂ ਦੇ ਜ਼ਿੰਮੇਵਾਰ ਲੋਕਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੀਆਂ ਸੰਸਥਾਵਾਂ ‘ਤੇ ਰੂਸ ਦੀਆਂ ਖੁਫੀਆਂ ਏਜੰਸੀਆਂ ਦੇ ਹਮਲੇ ਸਵੀਕਾਰ ਨਹੀਂ ਕੀਤੇ ਜਾਣਗੇ।