ਕੋਰੋਨਾ ਮਹਾਮਾਰੀ ਦੇ ਚੱਲਦਿਆਂ ਭਾਰਤ ‘ਚ ਨਿਯਮਤ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ 30 ਨਵੰਬਰ ਤਕ ਵਧਾਈ

302
Share

ਨਵੀਂ ਦਿੱਲੀ, 29 ਅਕਤੂਬਰ (ਪੰਜਾਬ ਮੇਲ)- ਭਾਰਤ ‘ਚ ਨਿਯਮਤ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ 30 ਨਵੰਬਰ ਤਕ ਵਧਾ ਦਿੱਤੀ ਗਈ ਹੈ | ਇਸ ਸਬੰਧੀ ਡੀ.ਜੀ.ਸੀ.ਏ. ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਨਿਯਮਤ ਕੌਮਾਂਤਰੀ ਯਾਤਰੀ ਜਹਾਜ਼ਾਂ ਦੀ ਮੁਅੱਤਲੀ ਨੂੰ 30 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ | ਹਾਲਾਂਕਿ ਇਸ ਦੌਰਾਨ ਕੌਮਾਂਤਰੀ ਕਾਰਗੋ ਜਹਾਜ਼ ਤੇ ਵਿਸ਼ੇਸ ਜਹਾਜ਼ਾਂ ਸਮੇਤ ਵੰਦੇ ਭਾਰਤ ਮਿਸ਼ਨ ਤਹਿਤ ਚੱਲਣ ਵਾਲੇ ਜਹਾਜ਼ਾਂ ਦਾ ਸੰਚਾਲਨ ਜਾਰੀ ਰਹੇਗਾ | ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਇਕ ਪੱਤਰ ‘ਚ ਕਿਹਾ ਹੈ ਕਿ ਕੁਝ ਕੌਮਾਂਤਰੀ ਉਡਾਣਾਂ ਨੂੰ ਚੋਣਵੇਂ ਮਾਰਗਾਂ ‘ਤੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ | ਕੋਰੋਨਾ ਮਹਾਂਮਾਰੀ ਕਾਰਨ 23 ਮਾਰਚ ਤੋਂ ਭਾਰਤ ‘ਚ ਨਿਯਮਤ ਕੌਮਾਂਤਰੀ ਯਾਤਰੀ ਜਹਾਜ਼ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਮਈ ਮਹੀਨੇ ਤੋਂ ਹੀ ਵਿਸ਼ੇਸ਼ ਕੌਮਾਂਤਰੀ ਉਡਾਣਾਂ ਵੰਦੇ ਭਾਰਤ ਮਿਸ਼ਨ ਤਹਿਤ ਤੇ ਜੁਲਾਈ ਮਹੀਨੇ ਤੋਂ ਚੋਣਵੇਂ ਦੇਸ਼ਾਂ ਨਾਲ ਦੁਵੱਲੀ ‘ਏਅਰ ਬਬਲ’ ਵਿਵਸਥਾ ਤਹਿਤ ਕੁਝ ਜਹਾਜ਼ ਸੰਚਾਲਿਤ ਕੀਤੇ ਜਾ ਰਹੇ ਹਨ | ਭਾਰਤ ਨੇ ਅਮਰੀਕਾ, ਬਿ੍ਟੇਨ, ਯੂ.ਏ.ਈ., ਕੈਨੇਡਾ, ਭੂਟਾਨ ਤੇ ਫਰਾਂਸ ਸਮੇਤ ਲਗਪਗ 18 ਦੇਸ਼ਾਂ ਨਾਲ ‘ਏਅਰ ਬਬਲ’ ਸਮਝੌਤੇ ਕੀਤੇ ਹਨ | ਇਸ ਤਹਿਤ ਦੋ ਦੇਸ਼ਾਂ ਵਿਚਕਾਰ ਇਕ ਏਅਰ ਬਬਲ ਪੈਕਟ ਤਹਿਤ ਵਿਸ਼ੇਸ਼ ਕੌਮਾਂਤਰੀ ਉਡਾਣਾਂ ਨੂੰ ਉਨ੍ਹਾਂ ਦੇ ਖੇਤਰ ਵਿਚਕਾਰ ਉਨ੍ਹਾਂ ਦੀਆਂ ਹਵਾਈ ਕੰਪਨੀਆਂ ਵਲੋਂ ਸੰਚਾਲਿਤ ਕੀਤਾ ਜਾ ਸਕਦਾ ਹੈ |


Share