ਕੋਰੋਨਾ ਮਹਾਮਾਰੀ ਦਾ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਚ ਖਤਰਾ ਘੱਟ : ਡਬਲਯੂ.ਐੱਚ.ਓ.

79
Share

ਜਿਨੇਵਾ, 16 ਸਤੰਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਅੰਕੜਿਆਂ ਵਿਚ ਅਜਿਹਾ ਸਾਹਮਣੇ ਆ ਰਿਹਾ ਹੈ ਕਿ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਤੇ ਕੋਰੋਨਾ ਮਹਾਮਾਰੀ ਦਾ ਖ਼ਤਰਾ ਕਾਫ਼ੀ ਘੱਟ ਹੈ। ਇਸ ਦੀ ਇਕ ਵਜ੍ਹਾ ਉਨ੍ਹਾਂ ਦੀ ਜ਼ਿਆਦਾ ਬਿਹਤਰ ਇਮਿਊਨਿਟੀ ਹੈ। ਹਾਲਾਂਕਿ ਡਬਲਯੂ.ਐੱਚ.ਓ. ਨੇ ਇਹ ਵੀ ਕਿਹਾ ਹੈ ਕਿ ਕਈ ਦੇਸ਼ਾਂ ਵਿਚ ਕੋਰੋਨਾ ਦੀ ਵਾਪਸੀ ਲਈ ਇਸ ਉਮਰ ਵਰਗ ਦੇ ਲੋਕ ਜ਼ਿੰਮੇਦਾਰ ਹਨ, ਕਿਉਂਕਿ ਇਹ ਇਸ ਦੇ ਫੈਲਣ ਦਾ ਜ਼ਰੀਆ ਬਣ ਰਹੇ ਹਨ।
ਡਬਲਯੂ.ਐੱਚ.ਓ. ਮੁਤਾਬਕ ਦੁਨੀਆਂ ਭਰ ‘ਚ ਹੁਣ ਤੱਕ ਕੋਵਿਡ-19 ਦੇ ਜਿੰਨੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ 20 ਸਾਲ ਤੋਂ ਘੱਟ ਉਮਰ ਵਾਲੇ ਮਰੀਜ਼ਾਂ ਦੀ ਗਿਣਤੀ 10 ਫ਼ੀਸਦੀ ਤੋਂ ਵੀ ਘੱਟ ਹੈ। ਇਸ ਉਮਰ ਵਾਲੇ ਸਿਰਫ਼ 0.2 ਫ਼ੀਸਦੀ ਲੋਕਾਂ ਦੀ ਮੌਤ ਹੋਈ। ਡਬਲਯੂ.ਐੱਚ.ਓ. ਨੇ ਹਾਲਾਂਕਿ ਇਹ ਵੀ ਕਿਹਾ ਕਿ ਇਸ ਬਾਰੇ ‘ਚ ਅਜੇ ਹੋਰ ਰਿਸਰਚ ਦੀ ਜ਼ਰੂਰਤ ਹੈ, ਕਿਉਂਕਿ ਬੱਚਿਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸੰਗਠਨ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਬੱਚਿਆਂ ਲਈ ਵੀ ਇਹ ਵਾਇਰਸ ਜਾਨਲੇਵਾ ਹੈ ਅਤੇ ਉਨ੍ਹਾਂ ਵਿਚ ਵੀ ਹਲਕੇ ਲੱਛਣ ਵੇਖੇ ਗਏ ਹਨ ਪਰ ਇਹ ਵੀ ਠੀਕ ਹੈ ਕਿ ਉਨ੍ਹਾਂ ਵਿਚ ਮੌਤ ਦਰ ਕਾਫ਼ੀ ਘੱਟ ਹੈ।
ਦੱਸ ਦੇਈਏ ਕਿ ਮਹਾਮਾਰੀ ਨੇ ਦੁਨੀਆਂ ਭਰ ਦੇ ਬੱਚਿਆਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਯੂਨੀਸੇਫ ਦੀ ਐਗਜੀਕਿਊਟਿਵ ਡਾਇਰੈਕਟਰ ਹੇਨਰਿਟਾ ਫੋਰੇ ਨੇ ਕਿਹਾ- 192 ਦੇਸ਼ਾਂ ਵਿਚ ਅੱਧੇ ਤੋਂ ਜ਼ਿਆਦਾ ਬੱਚੇ ਸਕੂਲ ਨਹੀਂ ਜਾ ਪਾ ਰਹੇ ਹਨ। ਕਰੀਬ 16 ਕਰੋੜ ਸਕੂਲੀ ਬੱਚੇ ਇਨ੍ਹੀਂ ਦਿਨੀਂ ਘਰ ਵਿਚ ਹਨ ਅਤੇ ਟੀ.ਵੀ., ਇੰਟਰਨੈਟ ਜਾਂ ਇੰਝ ਹੀ ਦੂਜੇ ਕਿਸੇ ਮਾਧਿਅਮ ਜ਼ਰੀਏ ਸਿੱਖਿਆ ਹਾਸਲ ਕਰ ਪਾ ਰਹੇ ਹਨ। ਉੱਧਰ ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗੇਬ੍ਰੇਈਸਸ ਨੇ ਕਿਹਾ ਕਿ ਸਕੂਲਾਂ ਨੂੰ ਅਸਥਾਈ ਤੌਰ ‘ਤੇ ਉਨ੍ਹਾਂ ਇਲਾਕਿਆਂ ‘ਚ ਬੰਦ ਕਰਣਾ ਚਾਹੀਦਾ ਹੈ, ਜਿੱਥੇ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੋਵੇ।
ਜ਼ਿਕਰਯੋਗ ਹੈ ਕਿ ਦੁਨੀਆਂ ਭਰ ‘ਚ ਮੰਗਲਵਾਰ ਤੱਕ ਕੋਰੋਨਾਵਾਇਰਸ ਮਹਾਮਾਰੀ ਨਾਲ 2 ਕਰੋੜ 91 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋਏ ਹਨ ਅਤੇ 9.27 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।


Share