ਕੋਰੋਨਾ ਮਹਾਂਮਾਰੀ : ਭਾਰਤੀ ਹਾਕੀ ਦਾ ਛੇਵਾਂ ਖਿਡਾਰੀ ਵੀ ਆਇਆ ਪੌਜ਼ੀਟਿਵ

260
Share

ਮਨਦੀਪ ਸਿੰਘ ਨੂੰ ਵੀ ਹੋਇਆ ਕੋਰੋਨਾ

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਵੀ ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਆ ਗਏ ਹਨ। ਉਹ ਇਸ ਬਿਮਾਰੀ ਦੀ ਲਪੇਟ ‘ਚ ਆਉਣ ਵਾਲੇ ਛੇਵੇਂ ਕੌਮੀ ਹਾਕੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਕਪਤਾਨ ਮਨਪ੍ਰੀਤ ਸਿੰਘ ਸਣੇ ਪੰਜ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਭਾਰਤੀ ਖੇਡ ਅਥਾਰਟੀ (ਐਸਏਆਈ) ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਦੇ 25 ਸਾਲਾ ਹਾਕੀ ਖਿਡਾਰੀ ਮਨਦੀਪ ਸਿੰਘ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ, ਪਰ ਉਨ•ਾਂ ‘ਚ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਬੰਗਲੁਰੂ ਵਿੱਚ ਹੋਰਨਾਂ ਪੰਜ ਹਾਕੀ ਖਿਡਾਰੀਆਂ ਨਾਲ ਡਾਕਟਰ ਉਨ•ਾਂ ਦਾ ਵੀ ਇਲਾਜ ਕਰ ਰਹੇ ਹਨ। ਬੰਗਲੁਰੂ ਦੇ ਭਾਰਤੀ ਖੇਡ ਅਥਾਰਟੀ ਕੇਂਦਰ ਵਿੱਚ 20 ਅਗਸਤ ਤੋਂ ਹਾਕੀ ਨੈਸ਼ਨਲ ਕੈਂਪ ਹੋਣਾ ਹੈ। ਖੇਡ ਅਥਾਰਟੀ ਨੇ ਬਿਆਨ ਵਿੱਚ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਮਨਦੀਪ ਸਿੰਘ ਦਾ ਬੰਗਲੁਰੂ ਵਿੱਚ ਭਾਰਤੀ ਖੇਡ ਅਥਾਰਟੀ ਦੇ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਵਿੱਚ ਨੈਸ਼ਨਲ ਕੈਂਪ ਤੋਂ ਪਹਿਲਾਂ 20 ਹੋਰ ਖਿਡਾਰੀਆਂ ਨਾਲ ਕੋਰੋਨਾ ਟੈਸਟ ਕੀਤਾ ਗਿਆ ਅਤੇ ਇਹ ਪੌਜ਼ੀਟਿਵ ਆਇਆ, ਪਰ ਮਨਦੀਪ ‘ਚ ਕੋਰੋਨਾ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ।
ਭਾਰਤੀ ਕਪਤਾਨ ਮਨਪ੍ਰੀਤ ਸਿੰਘ ਸਣੇ ਪੰਜ ਖਿਡਾਰੀ ਇੱਕ ਮਹੀਨੇ ਦੇ ਬਰੇਕ ਬਾਅਦ ਭਾਰਤੀ ਖੇਡ ਅਥਾਰਟੀ ਕੇਂਦਰ ਪਰਤਣ ‘ਤੇ ਪਿਛਲੇ ਹਫ਼ਤੇ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡਰੈਗਫਿਲਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਹੋਰ ਚਾਰ ਖਿਡਾਰੀ ਹਨ, ਜਿਨ•ਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ।
ਭਾਰਤੀ ਖੇਡ ਅਥਾਰਟੀ ਦੇ ਡਾਕਟਰਾਂ ਮੁਤਾਬਕ ਸਾਰੇ ਖਿਡਾਰੀਆਂ ਵਿੱਚ ਮਾਮੂਲੀ ਲੱਛਣ ਦਿਖਾਈ ਦੇ ਰਹੇ ਹਨ ਅਤੇ ਉਹ ਠੀਕ ਹਨ। ਇਨ•ਾਂ ਨੂੰ ਬੰਗਲੁਰੂ ਦੇ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਖਿਡਾਰੀ ਕੋਰੋਨਾ ਵਾਇਰਸ ਦੇ ਚਲਦਿਆਂ ਕੌਮੀ ਪੱਧਰ ਦੇ ਲੌਕਡਾਊਨ ਕਾਰਨ ਕੇਂਦਰ ਵਿੱਚ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਫਸੇ ਰਹੇ। ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 22 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 45 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


Share