-10 ਲੱਖ ਤੋਂ ਵੱਧੀ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ
-60 ਹਜ਼ਾਰ ਦੇ ਕਰੀਬ ਲੋਕਾਂ ਦੀ ਹੋਈ ਮੌਤ
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਪੂਰੀ ਦੁਨੀਆਂ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਅਮਰੀਕਾ ‘ਚ ਵੀ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ। ਖ਼ਬਰ ਲਿਖੇ ਜਾਣ ਤੱਕ ਅਮਰੀਕਾ ‘ਚ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਹੈ। ਇਸ ਕਾਰਨ ਹੁਣ ਤੱਕ 60 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੰਕੜਿਆਂ ਮੁਤਾਬਕ ਦੁਨੀਆਂ ‘ਚ ਅਮਰੀਕਾ ਕੋਰੋਨਾ ਨਾਲ ਸਭ ਤੋਂ ਵੱਧ ਇਨਫੈਕਟਡ ਦੇਸ਼ ਬਣ ਚੁੱਕਾ ਹੈ। ਇਸ ਦਾ ਸੂਬਾ ਨਿਊਯਾਰਕ ਦੂਜਾ ਵੁਹਾਨ ਬਣ ਗਿਆ ਹੈ ਤੇ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।
ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ‘ਚ 10 ਲੱਖ 20 ਹਜ਼ਾਰ ਦੇ ਕਰੀਬ ਲੋਕ ਇਸ ਕੋਰੋਨਾਵਾਇਰਸ ਦੀ ਲਪੇਟ ‘ਚ ਆਏ ਹਨ ਅਤੇ 60,500 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 1 ਲੱਖ 22 ਹਜ਼ਾਰ ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ।
ਕੈਲੀਫੋਰਨੀਆ ‘ਚ 44 ਹਜ਼ਾਰ ਦੇ ਕਰੀਬ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 1800 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਸੈਕਰਾਮੈਂਟੋ ‘ਚ 1060 ਲੋਕਾਂਲੋਕ ਇਸ ਵਾਇਰਸ ਤੋਂ ਪੀੜਤ ਦੱਸੇ ਗਏ ਹਨ ਅਤੇ 43 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਦੁਨੀਆਂ ਭਰ ‘ਚ ਇਸ ਵਾਇਰਸ ਕਾਰਨ 2 ਲੱਖ 19 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 32 ਲੱਖ ਦੇ ਕਰੀਬ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।
ਖਬਰਾਂ ਇਹ ਵੀ ਹਨ ਕਿ ਖਰਚੇ ਦੇ ਡਰ ਕਾਰਨ ਬਹੁਤੇ ਅਮਰੀਕੀ ਕੋਰੋਨਾ ਦਾ ਇਲਾਜ ਹੀ ਨਹੀਂ ਕਰਵਾਉਣਾ ਚਾਹੁੰਦੇ ਤੇ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਹਾਲਾਂਕਿ ਅਮਰੀਕਾ ਨੇ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਹੈ ਪਰ ਫਿਰ ਵੀ ਲੋਕ ਦਵਾਈਆਂ ਤੋਂ ਇਲਾਵਾ ਹੋਣ ਵਾਲੇ ਖਰਚੇ ਕਾਰਨ ਘਰਾਂ ਵਿਚ ਹੀ ਲੁਕ ਕੇ ਬੈਠੇ ਹਨ।
ਅਮਰੀਕਾ ਤੋਂ ਬਾਅਦ ਸਪੇਨ ‘ਚ ਸਭ ਤੋਂ ਵੱਧ ਇਨਫੈਕਟਡ ਲੋਕ ਹਨ, ਇੱਥੇ ਵਾਇਰਸ ਪੀੜਤਾਂ ਦੀ ਗਿਣਤੀ 2,32,128 ਹੈ ਜਦਕਿ ਇਟਲੀ ਵਿਚ 2,01,505 ਹੈ।