ਕੋਰੋਨਾ ਦੇ ਅਸਲ ਮਾਮਲੇ ਹੋ ਸਕਦੇ ਨੇ 10 ਗੁਣਾ ਜ਼ਿਆਦਾ : ਡਬਲਯੂ.ਐੱਚ.ਓ.

192
Share

ਜਿਨੇਵਾ, 4 ਜੁਲਾਈ (ਪੰਜਾਬ ਮੇਲ)- ਇਕ ਪਾਸੇ ਜਿਥੇ ਦੁਨੀਆਂ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਅੰਕੜਿਆਂ ਨੂੰ ਲੈ ਕੇ ਇਕ ਅਹਿਮ ਜਾਣਕਾਰੀ ਦਿੱਤੀ ਹੈ। ਡਬਲਯੂ.ਐੱਚ.ਓ. ਦਾ ਆਖਣਾ ਹੈ ਕਿ ਹੁਣ ਤੱਕ ਕੋਰੋਨਾ ਲਾਗ ਦੇ ਜਿੰਨੇ ਮਾਮਲਿਆਂ ਦੇ ਬਾਰੇ ਪਤਾ ਲੱਗਾ ਹੈ, ਅਸਲ ਮਾਮਲੇ ਦਰਅਸਲ ਉਸ ਤੋਂ 10 ਗੁਣਾ ਜ਼ਿਆਦਾ ਹੋ ਸਕਦੇ ਹਨ। ਦੱਸ ਦਈਏ ਕਿ ਹੁਣ ਤੱਕ ਪੂਰੀ ਦੁਨੀਆ ਵਿਚ 11,033,879 ਲੋਕਾਂ ਨੂੰ ਕੋਰੋਨਾ ਹੋ ਚੁੱਕਿਆ ਹੈ ਜਿਨ੍ਹਾਂ ਵਿਚੋਂ ਕਰੀਬ 61 ਲੱਖ ਲੋਕ ਠੀਕ ਹੋ ਚੁੱਕੇ ਹਨ।
ਸਿਰਫ ਟੈਸਟ ਹੋਣ ਵਾਲਿਆਂ ਵਿਚੋਂ ਪਾਜ਼ੇਟਿਵ ਮਾਮਲਿਆਂ ਦੀ ਜਾਣਕਾਰੀ
ਡਬਲਯੂ.ਐੱਚ.ਓ. ਦੀ ਮੁੱਖ ਸਾਇੰਸਦਾਨ ਸੌਮਿਆ ਸਵਾਮੀਨਾਥਨ ਦਾ ਆਖਣਾ ਹੈ ਕਿ ਕਿਸੇ ਭਾਈਚਾਰੇ ਵਿਚ ਕਿੰਨੇ ਲੋਕਾਂ ਨੂੰ ਕੋਰੋਨਾ ਲਾਗ ਹੈ, ਇਹ ਨਹੀਂ ਪਤਾ ਹੈ। ਇਹ ਪਤਾ ਹੈ ਕਿ ਜੋ ਲੋਕ ਜ਼ਿਆਦਾ ਬੀਮਾਰ ਹੁੰਦੇ ਹਨ, ਉਹ ਟੈਸਟ ਕਰਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਪਾਜ਼ੇਟਿਵ ਲੋਕਾਂ ਦੇ ਬਾਰੇ ਵਿਚ ਪਤਾ ਲੱਗਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ‘ਤੇ ਲਾਗ ਦਾ ਸ਼ਿਕਾਰ ਹੋਏ ਲੋਕਾਂ ਦਾ ਅੰਕੜਾ ਅਜਿਹੇ ਲੋਕਾਂ ਦੀ ਤੁਲਨਾ ਵਿਚ 10 ਗੁਣਾ ਹੈ ਜੋ ਇਲਾਜ ਤੋਂ ਬਾਅਦ ਕੇਸ ਦੇ ਤੌਰ ‘ਤੇ ਗਿਣੇ ਜਾਂਦੇ ਹਨ। ਸਵਾਮੀਨਾਥਨ ਨੇ ਦੱਸਿਆ ਕਿ ਲਾਗ ਦੀ ਮੌਤ ਦਰ ਘੱਟ ਹੈ ਅਤੇ ਔਸਤਨ 0.6 ਫੀਸਦੀ ਹੈ।

ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ‘ਚ
ਦੁਨੀਆਂ ਭਰ ‘ਚ ਕੋਰੋਨਾ ਨਾਲ ਹੁਣ ਤੱਕ 530,481 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ‘ਚ ਹਨ ਜਿਥੇ 2,909,108 ਕੋਰੋਨਾ ਦੇ ਮਾਮਲਿਆਂ ‘ਚੋਂ 132,173 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਹੁਣ ਵੀ ਹਰ ਰੋਜ਼ ਤੇਜ਼ੀ ਨਾਲ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਉਥੇ 1,237,761 ਲੋਕ ਠੀਕ ਵੀ ਹੋ ਚੁੱਕੇ ਹਨ।

ਵੈਕਸੀਨ ਦੀ ਦੌੜ ‘ਚ ਸਭ ਤੋਂ ਅੱਗੇ ਆਕਸਫੋਰਡ ਯੂਨੀਵਰਸਿਟੀ
ਦੁਨੀਆਂ ਦੇ ਕਈ ਦੇਸ਼ ਅਤੇ ਉਨ੍ਹਾਂ ਦੇ ਸਿਹਤ ਅਤੇ ਖੋਜ ਸੰਸਥਾਨ ਕੋਰੋਨਾਵਾਇਰਸ ਦੀ ਵੈਕਸੀਨ ਦੀ ਖੋਜ ਵਿਚ ਲੱਗੇ ਹਨ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਮੁਤਾਬਕ ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ ‘ਤੇ ਕੰਮ ਕਰ ਰਹੀ ਹੈ, ਉਹ ਕੋਰੋਨਾਵਾਇਰਸ ਦੇ ਤੋੜ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਡਬਲਯੂ.ਐੱਚ.ਓ. ਦੀ ਚੀਫ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਉਹ ਜਿਸ ਪੜਾਅ ‘ਤੇ ਹਨ ਅਤੇ ਜਿੰਨੇ ਐਡਵਾਂਸਡ ਹਨ, ਮੈਨੂੰ ਲੱਗਦਾ ਹੈ ਉਹ ਸਭ ਤੋਂ ਅੱਗੇ ਨਿਕਲ ਰਹੇ ਹਨ। ਆਕਸਫੋਰਡ ਅਤੇ ਐਸਟਰਾਜ਼ੈਨੇਕਾ ਪੀ.ਐੱਲ.ਸੀ. (AstraZeneca Plc) ਦੀ ਵੈਕਸੀਨ ChAdOx1 nCov-19 ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿਚ ਹੈ। ਇਸ ਪੜਾਅ ਵਿਚ ਪਹੁੰਚਣ ਵਾਲੀ ਦੁਨੀਆ ਦੀ ਇਸ ਪਹਿਲੀ ਵੈਕਸੀਨ ਨੂੰ ਹੁਣ 10,260 ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਦਾ ਟ੍ਰਾਇਲ ਬ੍ਰਿਟੇਨ, ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਵਿਚ ਵੀ ਹੋ ਰਿਹਾ ਹੈ।


Share