ਕੋਰੋਨਾ ‘ਚ 96 ਫੀਸਦੀ ਤੱਕ ਅਸਰਦਾਰ ਹੈ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ : ਆਸਟ੍ਰੇਲੀਆਈ ਕੰਪਨੀ

221
Share

ਮੈਲਬੋਰਨ, 8 ਅਕਤੂਬਰ (ਪੰਜਾਬ ਮੇਲ)-ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨਾਲ ਕੋਰੋਨਾ ਨੂੰ 96 ਫੀਸਦੀ ਤੱਕ ਰੋਕਿਆ ਜਾ ਸਕਦਾ ਹੈ। ਇਹ ਦਾਅਵਾ ਆਸਟ੍ਰੇਲੀਆ ਦੀ ਕੰਪਨੀ (ਫਰਮ) ਐਨਾ ਰੈਸਪੀਰੇਟਰੀ ਨੇ ਕੀਤਾ ਹੈ, ਜਿਸ ਨੇ ਇਹ ਵੈਕੀਸਨ ਤਿਆਰ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਵੈਕਸੀਨ ਦਾ ਟ੍ਰਾਇਲ ਜਾਨਵਰਾਂ ‘ਤੇ ਕੀਤਾ ਜਾ ਚੁੱਕਿਆ ਹੈ ਜੋ ਸਫਲ ਰਿਹਾ ਹੈ। ਇਹ ਇਨਸਾਨਾਂ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਕੋਰੋਨਾ ਦੀ ਲਾਗ ਫੈਲਾਉਣ ਦੀ ਸਮਰੱਥਾ ਨੂੰ ਘਟਾ ਸਕਦੀ ਹੈ।
ਬ੍ਰਿਟੇਨ ਦੀ ਸਰਕਾਰੀ ਏਜੰਸੀ ਪਬਲਿਕ ਹੈਲਥ ਇੰਗਲੈਂਡ ਦੀ ਖੋਜ ਆਖਦੀ ਹੈ ਕਿ ਆਸਟ੍ਰੇਲੀਆਈ ਕੰਪਨੀ ਦੀ ਨੇਜ਼ਲ ਸਪ੍ਰੇਅ -051 ਨੂੰ ਵੈਕਸੀਨ ਦੇ ਬਦਲ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ 96 ਫੀਸਦੀ ਤੱਕ ਕੋਰੋਨਾ ਦੀ ਲਾਗ ਦਾ ਖਤਰਾ ਘਟਾਉਂਦੀ ਹੈ। ਕੰਪਨੀ ਐਨਾ ਰੈਸਪੀਰੇਟ੍ਰੀ ਦਾ ਆਖਣਾ ਹੈ ਕਿ ਨੇਜ਼ਲ ਸਪ੍ਰੇਅ-051 ਦਾ ਅਗਲੇ 4 ਮਹੀਨਿਆਂ ਦੇ ਅੰਦਰ ਇਨਸਾਨਾਂ ‘ਤੇ ਟ੍ਰਾਇਲ ਸ਼ੁਰੂ ਹੋ ਜਾਵੇਗਾ।
ਚੀਨ ਵਿਚ ਵੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਨੇਜ਼ਲ ਸਪ੍ਰੇਅ ਵੈਕਸੀਨ ਤਿਆਰ ਕੀਤੀ ਗਈ ਹੈ। ਚੀਨ ਇਸ ਵੈਕਸੀਨ ਦਾ ਟ੍ਰਾਇਲ ਨਵੰਬਰ ਵਿਚ ਸ਼ੁਰੂ ਕਰੇਗਾ। ਇਸ ਦੇ ਲਈ 100 ਵਾਲੰਟੀਅਰਸ ਨੂੰ ਚੁਣਿਆ ਜਾਵੇਗਾ। ਇਸ ਨੂੰ ਯੂਨੀਵਰਸਿਟੀ ਆਫ ਹਾਂਗਕਾਂਗ, ਸ਼ਿਆਮੇਨ ਯੂਨੀਵਰਸਿਟੀ ਅਤੇ ਬੀਜ਼ਿੰਗ ਵੰਤਾਈ ਬਾਇਓਲਾਜ਼ਿਕਲ ਫਾਰਮੇਸੀ ਦੇ ਸਾਇੰਸਦਾਨਾਂ ਨੇ ਮਿਲ ਕੇ ਤਿਆਰ ਕੀਤਾ ਹੈ।
ਹਾਂਗਕਾਂਗ ਯੂਨੀਵਰਸਿਟੀ ਦੇ ਸਾਇੰਸਦਾਨ ਯੂਏਨ ਕਵੋਕ ਯੁੰਗ ਮੁਤਾਬਕ, ਇਹ ਵੈਕਸੀਨ ਸਾਹ ਲੈਣ ਦੌਰਾਨ ਆਉਣ ਵਾਲੇ ਕੋਰੋਨਾ ਵਾਇਰਸ ਨੂੰ ਰਸਤੇ ਵਿਚ ਰੋਕ ਦੇਵੇਗੀ, ਜਿਥੋਂ ਉਹ ਫੇਫੜਿਆਂ ਤੱਕ ਜਾਂਦੇ ਹਨ। ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਵਾਇਰਸ ‘ਤੇ ਸ਼ੁਰੂਆਤ ਵਿਚ ਹੀ ਹਮਲਾ ਕਰ ਦੇਵੇਗਾ। ਉਸ ਨੂੰ ਲਾਗ ਫੈਲਾਉਣ ਤੋਂ ਰੋਕੇਗਾ।
ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨਾਲ ਐਨਫਲੂਏਂਜ਼ਾ ਅਤੇ ਕੋਰੋਨਾ ਵਾਇਰਸ ਦੋਵਾਂ ਤੋਂ ਸੁਰੱਖਿਆ ਮਿਲੇਗੀ। ਵੈਕਸੀਨ ਦੇ ਤਿੰਨੋਂ ਕਲੀਨਿਕਲ ਟ੍ਰਾਇਲ ਖਤਮ ਹੋਣ ਵਿਚ ਘੱਟੋ-ਘੱਟ ਇਕ ਸਾਲ ਦਾ ਸਮਾਂ ਲੱਗੇਗਾ।


Share