ਨਵੀਂ ਦਿੱਲੀ, 21 ਨਵੰਬਰ (ਪੰਜਾਬ ਮੇਲ)- ਦੁਨੀਆ ਭਰ ਦੇ ਦੇਸ਼ ਕੋਰੋਨਾਵਾਇਰਸ ਮਹਾਮਾਰੀ ਸਬੰਧੀ ਸਾਵਧਾਨੀਆਂ ਵਰਤ ਰਹੇ ਹਨ। ਇਸ ਦੌਰਾਨ ਹਾਂਗ ਕਾਂਗ ਨੇ 3 ਦਸੰਬਰ ਤੱਕ ਦਿੱਲੀ ਤੋਂ ਏਅਰ ਇੰਡੀਆ ਦੀਆਂ ਉਡਾਣਾਂ‘ਤੇ ਪਾਬੰਦੀ ਲਗਾਈ ਹੈ। ਇਹ ਕਦਮ ਇਸ ਹਫਤੇ ਦੇ ਸ਼ੁਰੂ ਵਿਚ ਏਅਰ ਇੰਡੀਆ ਦੀ ਇੱਕ ਉਡਾਣ ਵਿਚ ਸਵਾਰ ਕੁਝ ਯਾਤਰੀਆਂ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਮਗਰੋਂ ਚੁੱਕਿਆ ਗਿਆ ਹੈ।
ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਇਹ ਪੰਜਵੀਂ ਵਾਰ ਹੈ ਜਦੋਂ ਭਾਰਤ ਤੋਂ ਏਅਰ ਇੰਡੀਆ ਦੀ ਉਡਾਣ ‘ਤੇ ਹਾਂਗਕਾਂਗ ਦੀ ਸਰਕਾਰ ਨੇ ਪਾਬੰਦੀ ਲਗਾਈ ਹੈ।
ਹਾਂਗ ਕਾਂਗ ਦੀ ਸਥਾਨਕ ਸਰਕਾਰ ਵੱਲੋਂ ਜੁਲਾਈ ‘ਚ ਜਾਰੀ ਨਿਯਮਾਂ ਮੁਤਾਬਕ, ਭਾਰਤ ਤੋਂ ਯਾਤਰੀ ਹਾਂਗ ਕਾਂਗ ਵਿਚ ਤਾਂ ਹੀ ਆ ਸਕਦੇ ਹਨ ਜੇਕਰ ਉਨ੍ਹਾਂ ਨੇ ਯਾਤਰਾ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਹੋਵੇ ਅਤੇ ਉਸਦੀ ਰਿਪੋਰਟ ਨੌਗਟਿਵ ਆਈ ਹੋਵੇ। ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਯਾਤਰਾ ਤੋਂ ਬਾਅਦ ਹਵਾਈ ਅੱਡੇ ‘ਤੇ ਇੱਕ ਕੋਰੋਨਾ ਟੈਸਟ ਦੇਣਾ ਪੈਂਦਾ ਹੈ।
ਇੱਕ ਸਰਕਾਰੀ ਅਧਿਕਾਰੀ ਨੇ ਕਿਹਾ, “ਇਸ ਹਫਤੇ ਦੀ ਸ਼ੁਰੂਆਤ ‘ਚ ਏਅਰ ਇੰਡੀਆ ਦੀ ਦਿੱਲੀ–ਹਾਂਗ ਕਾਂਗ ਦੀ ਉਡਾਣ ਦੇ ਕੁਝ ਮੁਸਾਫਰ ਕੋਵਿਡ-19 ਟੈਸਟ ਵਿਚ ਸੰਕਰਮਿਤ ਪਾਏ ਗਏ ਸੀ। ਇਸ ਮੁਤਾਬਕ, ਏਅਰ ਇੰਡੀਆ ਦੀਆਂ ਉਡਾਣਾਂ ਨੂੰ3 ਦਸੰਬਰ ਤੱਕ ਬੈਨ ਲਾ ਦਿੱਤਾ ਗਿਆ ਹੈ।“