ਮੈਡਿ੍ਰਡ, 18 ਅਪ੍ਰੈਲ (ਪੰਜਾਬ ਮੇਲ)- ਸਪੇਨ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ 20 ਹਜ਼ਾਰ ਪਹੁੰਚ ਗਈ, ਜਦਕਿ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 1,90,000 ਤੋਂ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮਹਾਮਾਰੀ ਕਾਰਨ ਹੁਣ ਤੱਕ 20,000 ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਪਿਛਲੇ 24 ਘੰਟਿਆਂ ਵਿਚ ਵਾਇਰਸ 565 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਉਥੇ ਹੀ ਵਾਇਰਸ ਦੇ ਕਰੀਬ 4500 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਦੱਸ ਦਈਏ ਕਿ ਅਮਰੀਕਾ (37,889 ਲੋਕਾਂ ਦੀ ਮੌਤ), ਇਟਲੀ (23,227 ਲੋਕਾਂ ਦੀ ਮੌਤ) ਤੋਂ ਬਾਅਦ ਸਪੇਨ ਅਜਿਹਾ ਤੀਜਾ ਮੁਲਕ ਬਣ ਗਿਆ ਹੈ ਜਿਥੇ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।ਪਰ ਸਪੇਨ ਸਰਕਾਰ ਵਾਇਰਸ ‘ਤੇ ਕਾਬੂ ਪਾਉਣ ਲਈ ਹਰ ਇਕ ਉਪਾਅ ਕਰ ਰਹੀ ਹੈ।ਉਥੇ ਹੀ ਸਪੇਨ ਵਿਚ ਹੁਣ ਤੱਕ 1,91,726 ਪਾਜ਼ਿਟੇਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 74,797 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ ਅਤੇ 20,043 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਡਬਲਯੂ. ਐਚ. ਓ. ਵੱਲੋਂ ਪਹਿਲਾਂ ਵਾਇਰਸ ਦਾ ਕੇਂਦਰ ਚੀਨ ਤੋਂ ਬਾਅਦ ਯੂਰਪ ਨੂੰ ਦੱਸਿਆ ਗਿਆ ਸੀ ਅਤੇ ਹੁਣ ਇਸ ਦਾ ਕੇਂਦਰ ਅਮਰੀਕਾ ਬਣ ਚੁੱਕਿਆ ਹੈ, ਜਿਥੇ ਇਸ ਵੇਲੇ 37 ਹਜ਼ਾਰ ਤੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ।