ਕੋਰੋਨਾਵਾਇਰਸ: ਭਾਰਤੀ ਵਿਗਿਆਨੀ ਨੇ ਕੋਰੋਨਾਵਾਇਰਸ ਦਾ ਪਤਾ ਲਗਾਉਣ ਵਾਲੀ ਨਵੀਂ ਤਕਨੀਕ ਵਿਕਸਿਤ ਕੀਤੀ

178
Share

ਲਾਸ ਏਂਜਲਸ, 9 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਕਹਿਰ ਨਾਲ ਜੂਝ ਰਹੀ ਪੂਰੀ ਦੁਨੀਆ ਲਈ ਇਕ ਭਾਰਤੀ ਵਿਗਿਆਨੀ ਉਮੀਦ ਦੀ ਨਵੀਂ ਕਿਰਣ ਲੈ ਕੇ ਆਇਆ ਹੈ। ਯੂਨੀਵਰਸਿਟੀ ਆਫ ਡੇਟਨ ਰਿਸਰਚ ਇੰਸਟੀਚਿਊਟ ਦੇ ਵਿਗਿਆਨੀ ਭਰਤ ਨਾਰਾਇਣ ਨੇ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ ਜੋ ਸਿਰਫ ਕੁਝ ਸਕਿੰਟਾਂ ਵਿਚ ਹੀ 98 ਫੀਸਦੀ ਸਟੀਕਤਾ ਨਾਲ ਕੋਰੋਨਾ ਵਾਇਰਸ ਦਾ ਪਤਾ ਲਗਾ ਸਕਦੀ ਹੈ।
ਭਰਤ ਨਾਰਾਇਣ ਓਹਾਇਓ ਦੀ ਪ੍ਰਸਿੱਧ ਡੇਟਨ ਯੂਨੀਵਰਸਿਟੀ ‘ਚ ਰਿਸਰਚ ਵਿਗਿਆਨੀ ਹਨ। ਨਾਰਾਇਣ ਨੇ ਇਕ ਸਾਫਟਵੇਅਰ ਕੋਡ ਤਿਆਰ ਕੀਤਾ ਹੈ, ਜੋ ਛਾਤੀ ਦੇ ਐਕਸ-ਰੇਅ ਕਰਕੇ ਕੋਰੋਨਾ ਦਾ ਪਤਾ ਲਗਾ ਸਕਦਾ ਹੈ।
ਚੇਨੱਈ ਦੀ ਇਕ ਯੂਨੀਵਰਸਿਟੀ ਤੋਂ ਬੀ.ਟੈੱਕ. ਕਰ ਚੁੱਕੇ ਨਾਰਾਇਣ ਨੇ ਇਸ ਮਹਾਮਾਰੀ ਦੌਰਾਨ ਇਕ ਆਸ ਬੰਨ੍ਹ ਦਿੱਤੀ ਹੈ। ਇਹ ਪ੍ਰਕਿਰਿਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਕ ਡੀਪ ਲਰਨਿੰਗ ਐਲਗੋਰਿਥਮ ਦੀ ਵਰਤੋਂ ਕਰਦੀ ਹੈ। ਨਾਰਾਇਣ ਨੇ ਇਸ ਸਿਸਟਮ ਨੂੰ ਕੁਝ ਹੀ ਘੰਟਿਆਂ ਵਿਚ ਮੌਜੂਦਾ ਮੈਡੀਕਲ ਡਾਇਗਨੋਸਿਟਕ ਸਾਫਟਵੇਅਰ ਨਾਲ ਤਿਆਰ ਕੀਤਾ ਹੈ ਅਤੇ ਉਨ੍ਹਾਂ ਨੂੰ ਤਿੰਨ ਦਿਨਾਂ ਵਿਚਕਾਰ  ਲਾਇਸੈਂਸ ਦੇ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨਾਰਾਇਣ ਕਈ ਸਾਲਾਂ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਚ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਸਾਫਟਵੇਅਰ ਕੋਡ ਵਿਕਸਿਤ ਕਰ ਚੁੱਕੇ ਹਨ ਜੋ ਫੇਫੜੇ ਅਤੇ ਛਾਤੀ ਦੇ ਕੈਂਸਰ, ਮਲੇਰੀਆ, ਟਿਊਮਰ, ਸ਼ੂਗਰ ਅਤੇ ਨਿਮੋਨੀਆ ਦਾ ਪਤਾ ਲਗਾਉਂਦੇ ਹਨ।


Share