ਕੋਰੋਨਾਵਾਇਰਸ ਬਾਰੇ ਚੀਨ ਦਾ ਦਾਅਵਾ: ਦੁਨੀਆਂ ਨੂੰ ਸਭ ਤੋਂ ਪਹਿਲਾਂ ਦਿੱਤੀ ਜਾਣਕਾਰੀ ਤੇ ਕੀਤੀ ਕਾਰਵਾਈ

83
Share

ਬੀਜਿੰਗ, 10 ਅਕਤੂਬਰ (ਪੰਜਾਬ ਮੇਲ)- ਹੁਣ ਤੱਕ ਕੋਰੋਨਾਵਾਇਰਸ ਮਹਾਮਾਰੀ ਦੇ ਦੁਨੀਆਂ ਵਿਚ ਫੈਲਣ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਚੀਨ ਨੇ ਸ਼ੁੱਕਰਵਾਰ ਨੂੰ ਇਕ ਨਵਾਂ ਦਾਅਵਾ ਕਰ ਦਿੱਤਾ ਹੈ। ਚੀਨ ਦਾ ਆਖਣਾ ਹੈ ਕਿ ਕੋਰੋਨਾ ਦੀ ਲਾਗ ਪਿਛਲੇ ਸਾਲ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿਚ ਫੈਲੀ ਸੀ ਪਰ ਸਭ ਤੋਂ ਪਹਿਲਾਂ ਉਸ ਨੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਅਤੇ ਕਾਰਵਾਈ ਕੀਤੀ। ਚੀਨ ਨੇ ਉਸ ਦੋਸ਼ ਦਾ ਖੰਡਨ ਕੀਤਾ ਕਿ ਮਹਾਮਾਰੀ ਵਿਚ ਤਬਦੀਲ ਹੋਣ ਤੋਂ ਪਹਿਲਾਂ ਇਹ ਘਾਤਕ ਵਾਇਰਸ ਵੁਹਾਨ ਵਿਚ ਪੈਦਾ ਹੋਇਆ ਸੀ। ਚੀਨ ਨੇ ਅਮਰੀਕਾ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਿਜ਼ ਕੀਤਾ ਕਿ ਕੋਰੋਨਾ ਵੁਹਾਨ ਦੀ ਇਕ ਲੈਬਾਰਟਰੀ ਤੋਂ ਉਭਰਿਆ ਹੈ। ਨਾਲ ਹੀ, ਇਸ ਦੋਸ਼ ਨੂੰ ਵੀ ਖਾਰਿਜ਼ ਕੀਤਾ ਕਿ ਮਨੁੱਖਾਂ ਨੂੰ ਪ੍ਰਭਾਵਿਤ ਕਰਨ ਤੋਂ ਪਹਿਲਾਂ ਇਹ ਚਮਗਾਦੜਾਂ ਜਾਂ ਪੈਂਗੋਲਿਨ ਤੋਂ ਮੱਧ ਚੀਨੀ ਸ਼ਹਿਰ ਵਿਚ ਉਭਰਿਆ ਸੀ।
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ ਕੋਰੋਨਾਵਾਇਰਸ ਇਕ ਨਵੇਂ ਤਰ੍ਹਾਂ ਦਾ ਵਾਇਰਸ ਹੈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਤੱਥ ਅਤੇ ਰਿਪੋਰਟ ਸਾਹਮਣੇ ਆ ਰਹੀਆਂ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਾਲ ਦੇ ਆਖਿਰ ਵਿਚ ਦੁਨੀਆਂ ਦੇ ਵੱਖ-ਵੱਖ ਥਾਂਵਾਂ ‘ਤੇ ਮਹਾਮਾਰੀ ਫੈਲ ਗਈ ਸੀ। ਜਦਕਿ ਚੀਨ ਨੇ ਸਭ ਤੋਂ ਪਹਿਲਾਂ ਇਸ ਮਹਾਮਾਰੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ, ਇਸ ਦੀ ਪਛਾਣ ਕੀਤੀ ਸੀ ਅਤੇ ਦੁਨੀਆਂ ਨੂੰ ਇਸ ਬਾਰੇ ਦੱਸਿਆ ਸੀ।
ਜਾਨਸ ਹਾਪਕਿੰਸ ਕੋਰੋਨਾਵਾਇਰਸ ਰਿਸੋਰਸ ਸੈਂਟਰ ਮੁਤਾਬਕ ਇਸ ਮਹਾਮਾਰੀ ਨਾਲ ਦੁਨੀਆਂ ਭਰ ‘ਚ 3.6 ਕਰੋੜ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ‘ਚ ਅਮਰੀਕਾ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ, ਜਿਥੇ 76 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 2 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਚੀਨ ਵਿਚ ਕੋਰੋਨਾਵਾਇਰਸ ਦੇ 90 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਹਾਮਾਰੀ ਕਾਰਨ 4700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਬੁਲਾਰੇ ਨੇ ਆਖਿਆ ਕਿ ਜਨਵਰੀ ‘ਚ ਚੀਨ ਦੀ ਸਰਕਾਰ ਦੇ ਪੋਲਿਤ ਬਿਊਰੋ ਨੇ ਮਹਾਮਾਰੀ ‘ਤੇ ਚਰਚਾ ਕੀਤੀ ਸੀ ਅਤੇ ਇਸ ਵਾਇਰਸ ‘ਤੇ 31 ਸੂਬਿਆਂ ਅਤੇ ਨਗਰ ਨਿਗਮਾਂ ਦੀ ਇਕ ਬੈਠਕ ਬੁਲਾਈ ਗਈ ਸੀ। ਉਨ੍ਹਾਂ ਆਖਿਆ ਕਿ ਚੀਨ ਨੇ 23 ਜਨਵਰੀ ਨੂੰ ਵੁਹਾਨ ਵਿਚ ਤਾਲਾਬੰਦੀ ਲਾ ਦਿੱਤੀ ਸੀ ਅਤੇ ਉਦੋਂ ਚੀਨ ਦੇ ਬਾਹਰ ਕੋਰੋਨਾਵਾਇਰਸ ਦੇ ਸਿਰਫ 9 ਮਾਮਲੇ ਸਨ ਅਤੇ ਅਮਰੀਕਾ ਵਿਚ ਸਿਰਫ ਇਕ ਮਾਮਲੇ ਸਾਹਮਣੇ ਆਇਆ ਸੀ।


Share