ਕੋਰੋਨਾਵਾਇਰਸ : ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 100 ਤੋਂ ਟੱਪੀ

251
Share

ਚੰਡੀਗੜ੍ਹ, 9 ਅਪ੍ਰੈਲ (ਪੰਜਾਬ ਮੇਲ)- ਪੰਜਾਬ ਵਿੱਚ ਅਚਾਨਕ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਕੱਲ੍ਹ ਇੱਕੋ ਦਿਨ ਕੋਰੋਨਾਵਾਇਰਸ ਦੇ 20 ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ ‘ਚ ਦਹਿਸ਼ਤ ਦਾ ਮਾਹੌਲ ਹੈ। ਅੱਜ ਦੋ ਹੋਰ ਕੇਸ ਸਾਹਮਣੇ ਆਏ ਹਨ। ਇਸ ਨਾਲ ਮਰੀਜ਼ਾਂ ਦੀ ਗਿਣਤੀ 101 ਹੋ ਗਈ ਹੈ। 7 ਮਾਰਚ ਨੂੰ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਕਿ ਮੰਗਲਵਾਰ ਨੂੰ ਇੱਕ ਦਿਨ ‘ਚ ਹੀ 20 ਮਾਮਲੇ ਸਾਹਮਣੇ ਆਏ ਹੋਣ। ਅੱਜ ਜਲੰਧਰ ਤੇ ਫਰੀਦਕੋਟ ਤੋਂ ਦੋ ਨਵੇਂ ਕੇਸ ਸਾਹਮਣੇ ਆਏ ਹਨ।

ਇਸ ਨਾਲ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 101 ਹੋ ਗਈ ਹੈ। ਇਨ੍ਹਾਂ ਵਿੱਚੋਂ 14 ਲੋਕ ਠੀਕ ਹੋ ਚੁੱਕੇ ਹਨ। ਅੱਧੇ ਇਲਾਜ ਵਾਲੇ ਮਰੀਜ਼ ਨਵਾਂਸ਼ਹਿਰ ਦੇ ਹਨ। ਹੁਣ ਤੱਕ ਅੱਠ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਇਸ ਵੇਲੇ ਵੱਖ ਵੱਖ ਹਸਪਤਾਲਾਂ ਵਿੱਚ 77 ਮਰੀਜ਼ ਦਾਖਲ ਹਨ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ਪੀੜਤ ਵਿਅਕਤੀ ਦੀ ਲੰਘੀ ਰਾਤ ਮੌਤ ਹੋ ਜਾਣ ਸਬੰਧੀ ਵੀ ਸਿਹਤ ਵਿਭਾਗ ਵੱਲੋਂ ਅੱਜ ਖੁਲਾਸਾ ਕੀਤਾ ਗਿਆ ਹੈ। ਸੂਬੇ ਦੇ ਮੋਗਾ ਜ਼ਿਲ੍ਹੇ ਵਿੱਚ ਵੀ ਅੱਜ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਵਾਇਰਸ ਦਾ ਫੈਲਾਅ 15 ਜ਼ਿਲ੍ਹਿਆਂ ਤੱਕ ਪਹੁੰਚ ਗਿਆ ਹੈ। ਮੁਹਾਲੀ ਦੇ ਡੇਰਾਬਾਸੀ ਖੇਤਰ ਦੇ ਜਵਾਹਰਪੁਰ ਪਿੰਡ ਵਿੱਚ ਮੰਗਲਵਾਰ ਨੂੰ ਸੱਤ ਸਕਾਰਾਤਮਕ ਕੇਸਾਂ ਦੀਆਂ ਰਿਪੋਰਟਾਂ ਆਈਆਂ ਹਨ। ਪਿੰਡ ਵਿੱਚ ਸਕਾਰਾਤਮਕ ਲੋਕਾਂ ਦੀ ਗਿਣਤੀ 11 ਹੋ ਗਈ ਹੈ। ਪਿੰਡ ਦੇ ਪੰਜ ਕਿਲੋਮੀਟਰ ਤੱਕ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਜ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 26 ਕੋਰੋਨਾ ਪੌਜ਼ੇਟਿਵ ਕੇਸ ਹਨ।


Share