ਕੋਰੋਨਾਵਾਇਰਸ: ਪਾਕਿ ‘ਚ ਹਿੰਦੂ ਤੇ ਈਸਾਈ ਭਾਈਚਾਰੇ ਨੂੰ ਭੋਜਨ ਦੇਣ ਤੋਂ ਇਨਕਾਰ ਕਰਨ ਦੀ ਅਮਰੀਕਾ ਵੱਲੋਂ ਨਿੰਦਾ

560
Share

ਵਾਸ਼ਿੰਗਟਨ, 14 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਆਫਤ ਵਿਚਾਲੇ ਪਾਕਿਸਤਾਨ ‘ਚ ਹਿੰਦੂ ਤੇ ਈਸਾਈ ਭਾਈਚਾਰੇ ਨੂੰ ਭੋਜਨ ਦੇਣ ਤੋਂ ਇਨਕਾਰ ਕਰਨ ਦੀਆਂ ਖਬਰਾਂ ਨੂੰ ਅਮਰੀਕੀ ਸਰਕਾਰ ਦੇ ਇਕ ਸੰਗਠਨ ਨੇ ਨਿੰਦਣਯੋਗ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸੰਗਠਨ ਨੇ ਪਾਕਿਸਤਾਨ ਨੂੰ ਇਹ ਪੁਖਤਾ ਕਰਨ ਦੀ ਅਪੀਲ ਕੀਤੀ ਹੈ ਕਿ ਦੇਸ਼ ਵਿਚ ਸਾਰੇ ਧਾਰਮਿਕ ਘੱਟ ਗਿਣਤੀਆਂ ਦੇ ਵਿਚਾਲੇ ਭੋਜਨ ਸਹਾਇਤਾ ਸਮਾਨ ਰੂਪ ਨਾਲ ਸਾਂਝੀ ਕੀਤੀ ਜਾਵੇ।
ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਸਬੰਧੀ ਅਮਰੀਕੀ ਕਮਿਸ਼ਨ ਦੀ ਕਮਿਸ਼ਨਰ ਅਰੁਣਿਮਾ ਭਾਰਗਵ ਨੇ ਕਿਹਾ ਕਿ ਕੋਵਿਡ-19 ਦਾ ਕਹਿਰ ਜਾਰੀ ਰਹਿਣ ਦੇ ਵਿਚਾਲੇ ਪਾਕਿਸਤਾਨ ‘ਚ ਸੰਵੇਦਨਸ਼ੀਲ ਕਮਜ਼ੋਰ ਭਾਈਚਾਰੇ ਭੁੱਖ ਨਾਲ ਲੜ ਰਹੇ ਹਨ ਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਰੱਖਣ ਦੇ ਲਈ ਉਨ੍ਹਾਂ ਨੂੰ ਭੋਜਨ ਸਹਾਇਤਾ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਕਮਿਸ਼ਨ ਨੇ ਕਿਹਾ ਕਿ ਪਾਕਿਸਤਾਨ ‘ਚ ਹਿੰਦੂ ਤੇ ਈਸਾਈ ਭਾਈਚਾਰਿਆਂ ਨੂੰ ਭੋਜਨ ਨਾਲ ਦਿੱਤੇ ਜਾਣ ਦੀਆਂ ਖਬਰਾਂ ਨਾਲ ਉਹ ਪਰੇਸ਼ਾਨ ਹਨ। ਭਾਰਗਵ ਨੇ ਕਿਹਾ ਕਿ ਇਹ ਹਰਕਤਾਂ ਨਿੰਦਣਯੋਗ ਹਨ। ਕਰਾਚੀ ਤੋਂ ਅਜਿਹੀਆਂ ਖਬਰਾਂ ਆਈਆਂ ਹਨ ਕਿ ਬੇਘਰੇ ਤੇ ਮੌਸਮੀ ਕਾਮਿਆਂ ਦੀ ਸਹਾਇਕਾ ਦੇ ਲਈ ਸਥਾਪਿਤ ਗੈਰ-ਸਰਕਾਰੀ ਸੰਗਠਨ ਸਯਲਾਨੀ ਵੈਲਫੇਅਰ ਇੰਟਰਨੈਸ਼ਨਲ ਟਰੱਸਟ ਹਿੰਦੂਆਂ ਤੇ ਈਸਾਈਆਂ ਨੂੰ ਭੋਜਨ ਸਹਾਇਤਾ ਦੇਣ ਤੋਂ ਇਨਕਾਰ ਕਰ ਰਿਹਾ ਹੈ। ਉਸ ਦੀ ਦਲੀਲ ਹੈ ਕਿ ਇਹ ਸਹਾਇਤਾ ਸਿਰਫ ਮੁਸਲਮਾਨਾਂ ਦੇ ਲਈ ਹੈ।


Share