ਕੋਰੋਨਾਵਾਇਰਸ ਦੇ ਡਰੋਂ 3 ਮਹੀਨਿਆਂ ਤੋਂ ਏਅਰਪੋਰਟ ’ਚ ਲੁਕਿਆ ਵਿਅਕਤੀ ਹੋਇਆ ਗਿ੍ਰਫਤਾਰ

105
Share

ਫਰਿਜ਼ਨੋ, 19 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸ਼ਿਕਾਗੋ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ, ਜੋ ਕਿ ਤਕਰੀਬਨ ਪਿਛਲੇ ਤਿੰਨ ਮਹੀਨਿਆਂ ਤੋਂ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੁੱਕ ਕੇ ਰਹਿ ਰਿਹਾ ਸੀ। ਇਸ ਮਾਮਲੇ ਸੰਬੰਧੀ ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲੀਫੋਰਨੀਆ ਸੂਬੇ ਨਾਲ ਸੰਬੰਧਿਤ ਆਦਿੱਤਿਆ ਸਿੰਘ (36) ਨਾਮ ਦਾ ਇਹ ਵਿਅਕਤੀ, ਜੋ ਕਿ ਕੋਵਿਡ-19 ਦੇ ਕਾਰਨ ਯਾਤਰਾ ਕਰਨ ਦੇ ਡਰੋਂ ਸ਼ਨੀਵਾਰ ਨੂੰ ਉਸ ਦੀ ਗਿ੍ਰਫਤਾਰੀ ਤੱਕ ਸ਼ਿਕਾਗੋ ਦੇ ਓਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੁਰੱਖਿਅਤ ਖੇਤਰ ਵਿਚ ਤਿੰਨ ਮਹੀਨਿਆਂ ਤੋਂ ਲੁਕਿਆ ਹੋਇਆ ਸੀ। ਐਤਵਾਰ ਨੂੰ ਕੋਰਟ ਵਿਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਆਦਿੱਤਿਆ ਸਿੰਘ 19 ਅਕਤੂਬਰ ਨੂੰ ਲਾਸ ਏਂਜਲਸ ਤੋਂ ਇੱਥੇ ਪਹੁੰਚਿਆ ਸੀ ਅਤੇ ਉਦੋਂ ਤੋਂ ਹੀ ਹਵਾਈ ਅੱਡੇ ਦੇ ਸੁਰੱਖਿਆ ਜ਼ੋਨ ਵਿਚ ਬਿਨਾਂ ਕਿਸੇ ਦੀ ਨਜ਼ਰ ਆਏ ਰਹਿ ਰਿਹਾ ਸੀ। ਪਰ ਪਿਛਲੇ ਹਫਤੇ ਸ਼ਨੀਵਾਰ ਨੂੰ ਯੂਨਾਈਟਿਡ ਏਅਰ ਲਾਈਨ ਦੇ ਦੋ ਕਰਮਚਾਰੀਆਂ ਨੇ ਸਿੰਘ ਕੋਲ ਪਹੁੰਚ ਕੀਤੀ ਅਤੇ ਉਸ ਨੂੰ ਪਛਾਣ ਦਿਖਾਉਣ ਲਈ ਕਿਹਾ, ਤਾਂ ਸਿੰਘ ਨੇ ਕਰਮਚਾਰੀਆਂ ਨੂੰ ਏਅਰਪੋਰਟ ਦਾ ਆਈ.ਡੀ. ਬੈਜ ਦਿਖਾਇਆ, ਜੋ ਅਸਲ ਵਿਚ ਇੱਕ ਓਪਰੇਸ਼ਨ ਮੈਨੇਜਰ ਦਾ ਸੀ, ਜਿਸਦੀ ਕਿ 26 ਅਕਤੂਬਰ ਨੂੰ ਗੁੰਮ ਹੋਣ ਦੀ ਰਿਪੋਰਟ ਦਿੱਤੀ ਗਈ ਸੀ। ਇਸ ਦੌਰਾਨ ਕਰਮਚਾਰੀਆਂ ਨੇ ਪੁਲਿਸ ਨੂੰ ਬੁਲਾਇਆ ਅਤੇ ਸ਼ਨੀਵਾਰ ਸਵੇਰੇ 11:10 ਵਜੇ ਟਰਮੀਨਲ 2 ਵਿਚ ਆਦਿੱਤਿਆ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅਸਿਸਟੈਂਟ ਪਬਲਿਕ ਡਿਫੈਂਡਰ ਕੋਰਟਨੀ ਸਮਾਲਵੁੱਡ ਦੇ ਅਨੁਸਾਰ ਅਦਿੱਤਿਆ ਸਿੰਘ ਲਾਸ ਏਂਜਲਸ ਦੇ ਓਰਨਜ ਵਿਚ ਰਹਿੰਦਾ ਹੈ ਅਤੇ ਉਸਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਜਦਕਿ ਉਸ ਕੋਲ ਹਾਸਪਿਟਾਲਿਟੀ ਦੀ ਮਾਸਟਰ ਡਿਗਰੀ ਹੈ। ਇਸਦੇ ਇਲਾਵਾ ਸਿੰਘ ਦੇ ਸ਼ਿਕਾਗੋ ਆਉਣ ਦਾ ਕਾਰਨ ਫਿਲਹਾਲ ਅਸਪੱਸ਼ਟ ਹੈ ਅਤੇ ਐਤਵਾਰ ਦੀ ਸੁਣਵਾਈ ਦੌਰਾਨ ਜੱਜ ਨੇ ਆਦਿੱਤਿਆ ਸਿੰਘ ਦੀ ਜ਼ਮਾਨਤ ਲਈ 1000 ਡਾਲਰ ਸ਼ਰਤ ਰੱਖਣ ਦੇ ਨਾਲ ਦੁਬਾਰਾ ਉਸਦੇ ਓਹਾਰੇ ਇੰਟਰਨੈਸ਼ਨਲ ਏਅਰਪੋਰਟ ’ਚ ਆਉਣ ’ਤੇ ਪਾਬੰਦੀ ਲਗਾਈ ਹੈ। ਇਸਦੇ ਇਲਾਵਾ ਅਦਿੱਤਿਆ ਸਿੰਘ ਅਗਲੀ ਸੁਣਵਾਈ ਲਈ 27 ਜਨਵਰੀ ਨੂੰ ਅਦਾਲਤ ’ਚ ਪੇਸ਼ ਹੋਵੇਗਾ।

Share