ਕੋਰੋਨਾਵਾਇਰਸ ਦੇ ਖਤਰੇ ਦੇ ਬਾਵਜੂਦ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਕਰ ਰਹੇ ਨੇ ਸੇਵਾ ਦਾ ਕਾਰਜ

277
Share

ਯੂਨਾਈਟਿਡ ਸਿੱਖਸ ਨੇ ਨਿਊਯਾਰਕ ਦੇ 30,000 ਲੋਕਾਂ ਲਈ ਕੀਤਾ ਲੰਗਰ ਤਿਆਰ
ਨਿਊਯਾਰਕ, 25 ਮਾਰਚ (ਪੰਜਾਬ ਮੇਲ)– ਯੂਨਾਈਟਿਡ ਸਿੱਖਸ ਸੰਸਥਾ ਵੱਲੋਂ ਸਮੁੱਚੇ ਵਿਸ਼ਵ ਵਿਚ ਕੁਦਰਤੀ ਆਫਤਾਂ ਵਿਚ ਫਸੇ ਲੋਕਾਂ ਦੀ ਮਦਦ ਕਰਨ ਲਈ ਮੋਹਰੀ ਭੂਮਿਕਾ ਨਿਭਾਈ ਜਾਂਦੀ ਹੈ। ਕੋਰੋਨਾਵਾਇਰਸ ਦਾ ਖਤਰਾ ਦੁਨੀਆਂ ਦੇ ਹਰ ਦੇਸ਼ ‘ਤੇ ਮੰਡਰਾ ਰਿਹਾ ਹੈ ਅਤੇ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਸਹਾਇਤਾ ਕਰਨ ਵਾਲਾ ਵੀ ਇਸ ਦੀ ਲਪੇਟ ਵਿਚ ਆ ਸਕਦਾ ਹੈ ਪਰ ਗੁਰੂ ਨਾਨਕ ਦੇਵ ਜੀ ਦੇ ਓਟ ਆਸਰੇ ਨਾਲ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਮਾਨਵਤਾ ਦੀ ਭਲਾਈ ਲਈ ਆਪਣੀਆਂ ਸੇਵਾਵਾਂ ਕਿਸੇ ਲਹੂ ਵੀਂਢਵੀ ਜੰਗ ਵਿਚ ਭਾਈ ਘਨ੍ਹੱਈਆ ਜੀ ਵਲੋਂ ਪਿਲਾਏ ਜਾ ਰਹੇ ਪਾਣੀ ਵਾਂਗ ਦੇ ਰਹੇ ਹਨ। ਇਕ ਵੀਡੀਓ ਜਾਰੀ ਕਰਕੇ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਲੰਗਰ ਤਿਆਰ ਕੀਤਾ ਗਿਆ ਹੈ ਅਤੇ ਇਸ ਲੰਗਰ ਦੀ ਸਮਰੱਥਾ 30,000 ਵਿਅਕਤੀਆਂ ਦੀ ਹੈ ਅਤੇ ਇਹ ਲੰਗਰ ਕੁਈਨਜ਼ ਵਿਲੇਜ ਗੁਰੂਘਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਖਿਲਾਫ ਜੰਗ ਲੜ ਰਹੇ ਮੈਡੀਕਲ ਸਟਾਫ, ਪੁਲਿਸ ਅਧਿਕਾਰੀ ਅਤੇ ਹੋਰ ਵਲੰਟੀਅਰਾਂ ਵਿਚ ਵੀ ਇਹ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਇਕ ਵਿਸ਼ਵ ਵਿਆਪੀ ਮਹਾਮਾਰੀ ਹੈ ਅਤੇ ਜਿੱਥੇ ਇਸ ਦੇ ਟਾਕਰੇ ਲਈ ਵਿਗਿਆਨਕ ਪੱਧਰ ‘ਤੇ ਹੱਲ ਕੀਤੇ ਜਾ ਰਹੇ ਹਨ, ਉੱਥੇ ਸਾਨੂੰ ਸਭ ਨੂੰ ਮਿਲ ਕੇ ਸਰੱਬਤ ਦੇ ਭਲੇ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ।


Share