ਕੋਰੋਨਾਵਾਇਰਸ ਦੀ ਲਪੇਟ ‘ਚ ਆਇਆ ਗੈਂਗਸਟਰ ਜੱਗੂ ਭਗਵਾਨਪੁਰੀਆ

249
Share

ਪਟਿਆਲਾ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਦੀ ਰਿਪੋਰਟ ਆਈ ਪਾਜ਼ੀਟਿਵ
ਗੁਰਦਾਸਪੁਰ, 5 ਮਈ (ਪੰਜਾਬ ਮੇਲ)- ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਗੈਂਗਸਟਰ ਜੱਗੂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਦਰਅਸਲ ਜੱਗੂ ਭਗਵਾਨਪੁਰੀਆ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ 2 ਮਈ ਨੂੰ ਢਿਲਵਾਂ ਸਰਪੰਚ ਕਤਲ ਕਾਂਡ ਮਾਮਲੇ ਵਿਚ ਪਟਿਆਲਾ ਜੇਲ੍ਹ ਤੋਂ ਬਟਾਲਾ ਪੁਲਿਸ ਲੈ ਕੇ ਆਈ ਸੀ। ਇਸ ਦੌਰਾਨ ਉਸ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜੱਗੂ ਭਗਵਾਨਪੁਰੀਆ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ।
ਦਰਅਸਲ ਅੱਜ ਜ਼ਿਲ੍ਹਾ ਗੁਰਦਾਸਪੁਰ ‘ਚ ਕੋਰੋਨਾਵਾਇਰਸ ਦਾ ਵੱਡਾ ‘ਧਮਾਕਾ’ ਹੋਇਆ। ਇਥੇ 42 ਹੋਰ ਨਵੇਂ ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸ ਆਏ, ਇਨ੍ਹਾਂ ਵਿਚੋਂ ਹੀ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਬਕਾਇਦਾ ਸਿਵਲ ਸਰਜਨ ਗੁਰਦਾਸਪੁਰ ਡਾ. ਕ੍ਰਿਸ਼ਨ ਚੰਦ ਵਲੋਂ ਕੀਤੀ ਗਈ ਹੈ। ਜ਼ਿਲਾ ਗੁਰਦਾਸਪੁਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 77 ਹੋ ਗਈ ਹੈ, ਜਦਕਿ ਇਕ ਮਰੀਜ਼ ਦੀ ਪਹਿਲਾਂ ਮੌਤ ਹੋ ਚੁੱਕੀ ਹੈ।
ਇਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਹੁਣ ਜਦੋਂ ਪੂਰੀ ਦੁਨੀਆਂ ਕੋਰੋਨਾਵਾਇਰਸ ਦੀ ਲਪੇਟ ਵਿਚ ਹੈ ਅਤੇ ਦੇਸ਼ ਵਿਚ ਜ਼ਿਆਦਾਤਰ ਕੇਸਾਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈ, ਤਾਂ ਅਜਿਹੇ ਵਿਚ ਜੱਗੂ ਨੂੰ ਜੇਲ੍ਹ ਤੋਂ ਬਾਹਰ ਕਿਉਂ ਲਿਆਂਦਾ ਗਿਆ। ਜੱਗੂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪਟਿਆਲਾ ਜੇਲ੍ਹ ਪ੍ਰਸ਼ਾਸਨ ਲਈ ਵੀ ਖਤਰੇ ਘੰਟੀ ਵੱਜ ਗਈ ਹੈ। ਇਸ ਤੋਂ ਇਲਾਵਾ ਜੱਗੂ ਨੂੰ ਪੇਸ਼ੀ ‘ਤੇ ਲੈ ਕੇ ਆਉਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਉਸ ਦੇ ਸੰਪਰਕ ਵਿਚ ਆਏ ਹੋਰਾਂ ‘ਤੇ ਵੀ ਕੋਰੋਨਾ ਦਾ ਸਾਇਆ ਆ ਪਿਆ ਹੈ।
ਇਸ ਸਬੰਧੀ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਮਾਸੀ ਨਰਿੰਦਰ ਕੌਰ ਨੇ ਐੱਸ.ਐੱਸ.ਪੀ. ਦਫਤਰ ਦੇ ਬਾਹਰ ਰੋਸ ਪ੍ਰਗਟਾਉਂਦੇ ਹੋਏ ਦੱਸਿਆ ਕਿ ਜਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦਾ ਪੁੱਤਰ ਕੋਰੋਨਾ ਪਾਜ਼ੀਟਿਵ ਆ ਗਿਆ ਹੈ, ਤਾਂ ਉਹ ਤੁਰੰਤ ਇਥੇ ਪਹੁੰਚੇ। ਉਨ੍ਹਾਂ ਕਿਹਾ ਕਿ ਉਸਦੇ ਪੁੱਤਰ ਨੂੰ ਪੁਲਿਸ ਨੇ ਜਾਣਬੁੱਝ ਕੇ ਕੋਰੋਨਾ ਕਰਵਾਇਆ ਹੈ, ਜਦਕਿ ਹੋਰ ਉਸਦੇ ਨਾਲ ਜੇਲ੍ਹ ਤੋਂ ਆਏ ਪੁਲਿਸ ਮੁਲਾਜ਼ਮਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਪਾਜ਼ੀਟਿਵ ਨਹੀਂ ਹੈ। ਉਸਨੇ ਸ਼ੱਕ ਪ੍ਰਗਟ ਕਰਦੇ ਕਿਹਾ ਕਿ ਇਹ ਸਭ ਪੁਲਿਸ ਨੇ ਜੱਗੂ ਨੂੰ ਮਾਰਨ ਦੀ ਨੀਅਤ ਨਾਲ ਕੀਤਾ ਹੈ। ਜੇਕਰ ਪੁਲਿਸ ਨੇ ਪੁੱਤਰ ਨੂੰ ਮਿਲਣ ਨਾ ਦਿੱਤਾ ਅਤੇ ਉਸਦਾ ਹਸਪਤਾਲ ‘ਚ ਸਹੀ ਢੰਗ ਨਾਲ ਇਲਾਜ ਨਾ ਕਰਵਾਇਆ, ਤਾਂ ਉਹ ਭੁੱਖੀ ਪਿਆਸੀ ਐੱਸ.ਐੱਸ.ਪੀ. ਦਫਤਰ ਦੇ ਬਾਹਰ ਧਰਨਾ ਦੇਵੇਗੀ।


Share