ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)-ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੁਨੀਆਂ ਦੇ ਵਿਗਿਆਨਕ ਲਗਾਤਾਰ ਅਧਿਐਨ ਕਰ ਰਹੇ ਹਨ। ਅਧਿਐਨ ਕਰ ਰਹੇ ਵਿਗਿਆਨੀ ਇਸ ਬਾਰੇ ਆਏ ਦਿਨ ਨਵੀਆਂ-ਨਵੀਆਂ ਚੀਜ਼ਾਂ ਦੱਸ ਰਹੇ ਹਨ। ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਪੀੜਤ ਬਜ਼ੁਰਗਾਂ ਲਈ ਵਧੇਰੇ ਖਤਰਨਾਕ ਹੈ ਪਰ ਹੁਣ ਇਕ ਨਵੀਂ ਗੱਲ ਹੋਰ ਸਾਹਮਣੇ ਆਈ ਹੈ। ਇਸ ਤਹਿਤ ਜੋ ਵਿਅਕਤੀ ਪਹਿਲਾਂ ਤੋਂ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹੈ, ਕੋਰੋਨਾਵਾਇਰਸ ਉਸ ਲਈ ਹੋਰ ਵੀ ਵਧੇਰੇ ਖਤਰਨਾਕ ਹੈ।
ਵਿਗਿਆਨੀਆਂ ਮੁਤਾਬਕ ਸਾਧਾਰਨ ਲੋਕਾਂ ਦੀ ਤੁਲਨਾ ਵਿਚ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਜੂਝ ਰਹੇ ਵਿਅਕਤੀਆਂ ਲਈ ਕੋਰੋਨਾਵਾਇਰਸ ਜ਼ਿਆਦਾ ਘਾਤਕ ਸਿੱਧ ਹੋ ਰਿਹਾ ਹੈ। ਹੁਣ ਵੱਡੇ ਪੈਮਾਨੇ ‘ਤੇ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਦਿਲ ਸਬੰਧੀ ਸਮੱਸਿਆਵਾਂ ਨਾਲ ਪੀੜਤ ਲੋਕਾਂ ਲਈ ਕੋਰੋਨਾ ਵਾਇਰਸ ਖਤਰਨਾਕ ਹੋ ਸਕਦਾ ਹੈ। ਇਸ ਵਾਇਰਸ ਦੀ ਲਪੇਟ ਵਿਚ ਆਉਣ ‘ਤੇ ਅਜਿਹੇ ਲੋਕਾਂ ਵਿਚ ਮੌਤ ਦਾ ਖਤਰਾ ਵੱਧ ਹੋ ਸਕਦਾ ਹੈ।
ਪੀ. ਐੱਲ. ਓ. ਐੱਸ. ਵਨ ਪੱਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਹ ਨਤੀਜਾ ਕੋਰੋਨਾ ਵਾਇਰਸ ਰੋਗੀਆਂ ਦੇ ਇਲਾਜ ਵਿਚ ਜੁਟੇ ਡਾਕਟਰਾਂ ਲਈ ਅਹਿਮ ਹੋ ਸਕਦਾ ਹੈ। ਇਸ ਕਾਰਨ ਉਨ੍ਹਾਂ ਨੇ ਕੋਰੋਨਾ ਨਾਲ ਪੀੜਤ ਦਿਲ ਦੇ ਰੋਗੀਆਂ ਦੇ ਇਲਾਜ ਦੌਰਾਨ ਖਤਰੇ ਵਾਲੇ ਕਾਰਕਾਂ ਨੂੰ ਸਮਝਾਉਣ ਵਿਚ ਮਦਦ ਮਿਲ ਸਕਦੀ ਹੈ। ਇਟਲੀ ਦੀ ਮੈਗਨਾ ਗ੍ਰੇਸ਼ੀਆ ਯੂਨੀਵਰਸਿਟੀ ਦੇ ਸੋਧਕਾਰਾਂ ਨੇ ਦੱਸਿਆ ਕਿ ਕੋਰੋਨਾ ਦੀ ਲਪੇਟ ਵਿਚ ਆ ਕੇ ਜ਼ਿਆਦਾਤਰ ਲੋਕ ਮਾਮੂਲੀ ਰੂਪ ਤੋਂ ਬੀਮਾਰ ਪੈਂਦੇ ਹਨ। ਹਾਲਾਂਕਿ ਕੁਝ ਲੋਕਾਂ ਵਿਚ ਗੰਭੀਰ ਸਮੱਸਿਆਵਾਂ ਖੜ੍ਹੀ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।