ਕੋਰੋਨਾਵਾਇਰਸ ਦਾ ਟੀਕਾ ਉਮੀਦ ਤੋਂ ਬਹੁਤ ਜਲਦ ਬਣਾਉਣ ‘ਚ ਸਫਲ ਹੋਵਾਂਗੇ : ਅਮਰੀਕੀ ਕੰਪਨੀ

227
Share

ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਟੀਕਾ ਉਮੀਦ ਤੋਂ ਬਹੁਤ ਜਲਦੀ ਆ ਜਾਵੇਗਾ। ਅਮਰੀਕਾ ਸਥਿਤ ਫਾਰਮਸੂਟਿਕਲ ਕੰਪਨੀ ਮਾਰਡਨਾ ਕੋਵਿਡ-19 ਦੇ ਟੀਕੇ ਦੀ ਟੈਸਟਿੰਗ ‘ਤੇ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਹੀ ਹੈ। ਇਸ ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਟੀਕੇ ਨੂੰ ਜਲਦੀ ਹੀ ਇਸ ਸਾਲ ਪਤਝੜ ਦੇ ਮੌਸਮ ਤੱਕ ਸੀਮਤ ਮਾਤਰਾ ਵਿਚ ਬਣਾਉਣ ‘ਚ ਸਫਲ ਹੋਵੇਗੀ। ਕੰਪਨੀ ਨੇ ਸੋਮਵਾਰ ਨੂੰ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਨੂੰ ਇਸ ਸਬੰਧ ਵਿਚ ਡਿਸਕਲੋਜ਼ਰ ਰਿਪੋਰਟ ਪੇਸ਼ ਕੀਤੀ।
ਰਿਪੋਰਟ ‘ਚ ਮਾਰਡਨਾ ਦੇ ਸੀ.ਈ.ਓ. ਸਟਿਫਨ ਬੇਂਸੇਲ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜੋ ਉਨ੍ਹਾਂ ਨੇ ਗੋਲਡਮੈਨ ਦੇ ਪ੍ਰਤੀਨਿਤੀ ਨੂੰ ਦਿੱਤਾ। ਇਸ ਬਿਆਨ ‘ਚ ਬੇਂਸੇਲ ਨੇ ਕਿਹਾ ਕਿ ਕਮਰਸ਼ੀਅਲ ਤੌਰ ‘ਤੇ ਮੁਹੱਈਆ ਹੋਣ ਵਾਲਾ ਟੀਕਾ ਅਜੇ 12-18 ਮਹੀਨੇ ਮੁਹੱਈਆ ਨਹੀਂ ਹੋ ਸਕੇਗਾ ਪਰ ਐਮਰਜੰਸੀ ਵਰਤੋਂ ਲਈ ਇਹ ਟੀਕਾ ਕੁਝ ਲੋਕਾਂ ਦੇ ਲਈ ਮੁਹੱਈਆ ਕਰਵਾਇਆ ਜਾ ਸਕਦਾ ਹੈ, ਜਿਨ੍ਹਾਂ ਵਿਚ ਹੈਲਥ ਕੇਅਰ ਵਿਚ ਲੱਗੇ ਲੋਕ ਸ਼ਾਮਲ ਹੋ ਸਕਦੇ ਹਨ ਤੇ ਇਹ 2020 ਦੇ ਪਤਝੜ ਦੇ ਮੌਸਮ ਤੱਕ ਮੁਮਕਿਨ ਹੋ ਜਾਵੇਗਾ।
ਕੰਪਨੀ ਐਂਟੀ-ਕੋਵਿਡ19 ਟੀਕਾ ਐੱਮ.ਆਰ.ਐੱਨ.ਏ.-1273 ਦੇ ਨਾਂ ਨਾਲ ਵਿਕਸਿਤ ਕਰ ਰਹੀ ਹੈ। ਇਹ ਟੀਕਾ ਅਮਰੀਕਾ ਸਥਿਤ ਵੈਕਸੀਨ ਰਿਸਰਚ ਸੈਂਟਰ ਤੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਸ ਦੇ ਖੋਜਕਾਰਾਂ ਦੀ ਰਿਸਰਚ ‘ਤੇ ਆਧਾਰਿਤ ਹੈ। ਟੀਕੇ ਦੀ ਫੇਜ਼ 1 ਸਟੱਡੀ ‘ਤੇ ਕੀਤੇ ਗਏ ਕੰਮ ‘ਚ 16 ਮਾਰਚ 2020 ਨੂੰ ਪਹਿਲੇ ਵਿਅਕਤੀ ਨੂੰ ਇਸ ਦਾ ਡੋਜ਼ ਦਿੱਤਾ ਗਿਆ ਸੀ। ਵਿਗਿਆਨੀ ਤੇ ਡਾਕਟਰ ਅਜੇ ਡੋਜ਼ ਦੀ ਸੁਰੱਖਿਆ ਤੇ ਸੁਰੱਖਿਆਤਮਕ ਪਹਿਲੂਆਂ ਦੀ ਵੀ ਸਮੀਖਿਆ ਕਰ ਰਹੇ ਹਨ। ਇਸ ਪ੍ਰੋਗਰਾਮ ‘ਚ ਇਕ ਸਿਹਤਮੰਦ ਵਿਅਕਤੀ ਨੂੰ 28 ਦਿਨ ਦੇ ਫਰਕ ਨਾਲ ਟੀਕੇ ਦੇ ਡੋਜ਼ ਦਿੱਤੇ ਜਾਣਗੇ। ਰਿਪੋਰਟ ਮੁਤਾਬਕ ਸਟੱਡੀ ‘ਚ 45 ਸਿਹਤਮੰਦ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਨੂੰ 12 ਮਹੀਨੇ ਤੱਕ ਨਿਗਰਾਨੀ ‘ਚ ਰੱਖਣ ਤੋਂ ਬਾਅਦ ਟੀਕੇ ਨੂੰ ਕਮਰਸ਼ੀਅਲ ਤੌਰ ‘ਤੇ ਬਾਜ਼ਾਰ ‘ਚ ਮੁਹੱਈਆ ਕਰਵਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਇਰਸ ਦੇ ਦੁਨੀਆਂ ਭਰ ‘ਚ 4 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਵਿਚੋਂ 17 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Share