ਕੋਰੋਨਾਵਾਇਰਸ ਤੋਂ ਬਚਾਅ ਅਤੇ ਟੀਕਿਆਂ ਦੇ ਮਾਮਲੇ ‘ਚ ਕਾਫੀ ਤਰੱਕੀ ਕਰ ਰਿਹੈ ਅਮਰੀਕਾ : ਟਰੰਪ ਦਾ ਦਾਅਵਾ

337
Share

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾ ਦਾ ਦੇਸ਼ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਅਤੇ ਉਸ ਦੇ ਇਲਾਜ ਲਈ ਟੀਕਿਆਂ ਦੇ ਮਾਮਲੇ ‘ਚ ਕਾਫੀ ਤਰੱਕੀ ਕਰ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ, ”ਚੀਨ ਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ ਸੀ ਪਰ ਅਜਿਹਾ ਹੋਇਆ। ਪੂਰੀ ਦੁਨੀਆਂ ‘ਚ ਜੋ ਹੋਇਆ ਉਹ ਬਹੁਤ ਦੁਖਦਾਈ ਹੈ। ਪਰ ਸਾਡੀ ਗਿਣਤੀ ਘੱਟ ਹੈ ਅਤੇ ਇਹ ਸੁਧਰ ਰਹੀ ਹੈ ਅਤੇ ਇਕ ਦਿਨ ਇਹ ਘੱਟ ਕੇ ਖਤਮ ਹੋ ਜਾਵੇਗੀ।”
ਟਰੰਪ ਨੇ ਕਿਹਾ, ”ਟੀਕਿਆਂ ਦੇ ਮਾਮਲੇ ‘ਚ ਅਸੀਂ ਬਹੁਤ ਚੰਗੀ ਤਰੱਕੀ ਹਾਸਲ ਕਰ ਰਹੇ ਹਾਂ। ਤਾਂ ਇਕ ਤਰ੍ਹਾਂ ਨਾਲ ਅਸੀਂ ਇਲਾਜ ਦੇ ਉਦੇਸ਼ ‘ਚ ਅਤੇ ਬਚਾਅ ਦੀ ਦਿਸ਼ਾ ਵਿਚ ਚੰਗੀ ਤਰੱਕੀ ਕਰ ਰਹੇ ਹਾਂ। ਮੈਂ ਨਤੀਜੇ ਦੇਖੇ ਹਨ। ਕੰਮ ਕਰ ਰਹੇ ਕੁਝ ਲੋਕਾਂ ਨਾਲ ਮੈਂ ਮੁਲਾਕਾਤ ਕੀਤੀ ਹੈ। ਸ਼ਾਨਦਾਰ ਲੋਕ, ਮਹਾਨ ਲੋਕ, ਅਜਿਹੇ ਲੋਕ ਜੋ ਪਹਿਲਾਂ ਸਫਲਤਾ ਹਾਸਲ ਕਰ ਚੁੱਕੇ ਹਨ।” ਟਰੰਪ ਨੇ ਕਿਹਾ, ”ਟੀਕਿਆਂ, ਇਲਾਜ ਅਤੇ ਰੋਗਮੁਕਤ ਹੋਣ ਦੇ ਸੰਬੰਧ ‘ਚ ਅਸੀਂ ਤੁਹਾਡੇ ਲਈ ਕੁਝ ਬਹੁਤ ਚੰਗੀ ਖਬਰ ਲਿਆਵਾਂਗੇ ਕਿਉਂਕਿ ਮੇਰਾ ਅਨੁਮਾਨ ਹੈ ਕਿ ਜੇਕਰ ਤੁਸੀਂ ਇਲਾਜ ਦੇ ਤੌਰ ‘ਤੇ ਦੇਖੋ ਅਤੇ ਜੇਕਰ ਇਹ ਤੇਜ਼ੀ ਨਾਲ ਕੰਮ ਕਰਦਾ ਹੈ, ਤਾਂ ਤੁਸੀਂ ਇਸ ਨੂੰ ਰੋਗਮੁਕਤ ਹੋਣਾ ਹੀ ਕਹੋਗੇ। ਕੀ ਤੁਸੀਂ ਨਹੀਂ ਕਹੋਗੇ। ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ‘ਤੇ ਸਾਨੂੰ ਚੰਗੀ ਖਬਰ ਮਿਲਣ ਵਾਲੀ ਹੈ।” ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਬੀਮਾਰੀ ਨੂੰ ਸਮਝ ਚੁੱਕਾ ਹੈ ਅਤੇ ਸਭ ਸਿੱਖ ਚੁੱਕਾ ਹੈ। ਨਾਲ ਹੀ ਕਿਹਾ ਕਿ ਅਮਰੀਕਾ ‘ਚ ਹੁਣ ਇਨਫੈਕਸ਼ਨ ਦਾ ਪੱਧਰ ਹੌਲੀ-ਹੌਲੀ ਘੱਟ ਰਿਹਾ ਹੈ।


Share