ਕੋਰੋਨਾਵਾਇਰਸ ਕਾਰਨ ਸਰਕਾਰ ਨੇ ਕੌਮਾਂਤਰੀ ਉਡਾਣਾਂ ‘ਤੇ ਲਾਈ ਰੋਕ 31 ਦਸੰਬਰ ਤੱਕ ਵਧਾਈ

114
Share

ਨਵੀਂ ਦਿੱਲੀ, 27 ਨਵੰਬਰ (ਪੰਜਾਬ ਮੇਲ)- ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਕੌਮਾਂਤਰੀ ਯਾਤਰੀ ਉਡਾਣਾਂ ‘ਤੇ ਲਾਈ ਰੋਕ 31 ਦਸੰਬਰ ਤੱਕ ਲਈ ਵਧਾ ਦਿੱਤੀ ਹੈ, ਜੋ 30 ਨਵੰਬਰ ਨੂੰ ਸਮਾਪਤ ਹੋਣ ਵਾਲੀ ਸੀ।
ਕੋਵਿਡ-19 ਨਾਲ ਸਬੰਧਤ ਯਾਤਰਾ ਤੇ ਵੀਜ਼ਾ ਪਾਬੰਦੀਆਂ ਦੇ ਸਿਰਲੇਖ ਨਾਲ ਜਾਰੀ ਨੋਟੀਫਿਕੇਸ਼ਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਡੀ.ਜੀ.ਸੀ.ਏ. ਨੇ ਕਿਹਾ ਕਿ ਇਹ ਬੰਦਿਸ਼ ਕਾਰਗੋ ਅਤੇ ਵਿਸ਼ੇਸ਼ ਤੌਰ ‘ਤੇ ਉਸ ਵੱਲੋਂ ਮਨਜ਼ੂਰ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ।
ਗੌਰਤਲਬ ਹੈ ਕਿ ਭਾਰਤ ‘ਚ ਨਿਰਧਾਰਤ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ 25 ਮਾਰਚ ਤੋਂ ਲਾਗੂ ਕੀਤੀ ਗਈ ਸੀ, ਜੋ ਕਈ ਵਾਰ ਅੱਗੇ ਵਧਾਈ ਜਾ ਚੁੱਕੀ ਹੈ।
ਹਾਲਾਂਕਿ, ਵੰਦੇ ਭਾਰਤ ਮਿਸ਼ਨ ਅਤੇ ਵਿਸ਼ੇਸ਼ ਦੋ-ਪੱਖੀ ਸਮਝੌਤੇ ਤਹਿਤ ਉਡਾਣਾਂ ਚੱਲ ਰਹੀਆਂ ਹਨ। ਹੁਣ ਤੱਕ ਇਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਏਅਰ ਬੱਬਲ ਕਰਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚ ਅਮਰੀਕਾ, ਬ੍ਰਿਟੇਨ, ਫਰਾਂਸ, ਬੰਗਲਾਦੇਸ਼, ਜਰਮਨੀ, ਮਾਲਦੀਵ, ਇਥੋਪੀਆ, ਓਮਾਨ, ਨੀਦਰਲੈਂਡ, ਕਤਰ ਸਮੇਤ ਹੋਰ ਕਈ ਦੇਸ਼ ਸ਼ਾਮਲ ਹਨ। ਇਸ ਦੋ-ਪੱਖੀ ਸਮਝੌਤੇ (ਏਅਰ ਬੱਬਲ) ਤਹਿਤ ਐੱਨ.ਆਰ.ਆਈ. ਅਤੇ ਵਿਦਿਆਰਥੀ ਜਿਨ੍ਹਾਂ ਕੋਲ ਲੰਮੇ ਸਮੇਂ ਦਾ ਵੀਜ਼ਾ ਹੈ, ਨੂੰ ਯਾਤਰਾ ਦੀ ਮਨਜ਼ੂਰੀ ਹੈ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਸਿਰਫ ਜ਼ਰੂਰੀ ਯਾਤਰਾ ਨੂੰ ਹੀ ਸਭ ਮੁਲਕਾਂ ਵੱਲੋਂ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਡਾਣਾਂ ਸੀਮਤ ਹਨ।


Share