ਕੋਰੋਨਾਵਾਇਰਸ ਕਾਰਨ ਬ੍ਰਿਟੇਨ ‘ਚ ਮੌਤਾਂ ਦੀ ਗਿਣਤੀ ਵੱਧ ਕੇ ਹੋਈ 71

200
Share

-ਸਕਾਟਲੈਂਡ ‘ਚ 2 ਦੀ ਮੌਤ; ਬ੍ਰਿਟੇਨ ‘ਚ 50 ਹਜ਼ਾਰ ਲੋਕ ਹੋ ਸਕਦੇ ਨੇ ਪ੍ਰਭਾਵਿਤ
ਗਲਾਸਗੋ/ਲੰਡਨ, 18 ਮਾਰਚ (ਪੰਜਾਬ ਮੇਲ)- ਇੰਗਲੈਂਡ ‘ਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 35 ਤੋਂ ਵੱਧ ਕੇ 71 ਹੋ ਗਈ ਹੈ। ਹੁਣ ਤੱਕ 1950 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਇਨ੍ਹਾਂ ਕੇਸਾਂ ਦੇ 35000 ਤੋਂ 50000 ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਣਲੋੜੀਂਦੇ ਬਾਹਰੀ ਸੰਪਰਕ ਤੋਂ ਬਚਣਾ ਚਾਹੀਦਾ ਹੈ। ਕੰਮਕਾਜ਼ੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਸੰਭਵ ਹੈ, ਤਾਂ ਉਹ ਆਪਣੇ ਦਫ਼ਤਰੀ ਕੰਮ ਘਰ ਤੋਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨ। ਇਸਦੇ ਨਾਲ ਹੀ ਲੋਕਾਂ ਨੂੰ ਰੈਸਟੋਰੈਂਟਾਂ, ਪੱਬਾਂ ਆਦਿ ਵਿਚ ਜਾਣੋ ਗੁਰੇਜ਼ ਕਰਨ ਦੀ ਬੇਨਤੀ ਕੀਤੀ ਗਈ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪਹਿਲਾਂ ਹੀ ਬੀਮਾਰੀਆਂ ਤੋਂ ਪੀੜਤ ਲੋਕਾਂ, ਬਜ਼ੁਰਗਾਂ ਅਤੇ ਮਾੜੇ ਸਿਹਤ ਹਾਲਾਤ ਵਾਲੇ ਲੋਕਾਂ ਨੂੰ 12 ਹਫ਼ਤੇ ਘਰ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੰਡਨ ਦੇ ਇੰਪੀਰੀਅਲ ਕਾਲਜ਼ ਦੇ ਸਰਵੇਖਣ ਅਨੁਸਾਰ ਇਟਲੀ ਦੇ ਹਾਲਾਤਾਂ ਨੇ ਇੰਗਲੈਂਡ ਸਰਕਾਰ ਨੂੰ ਸੋਚਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜੇਕਰ ਹਾਲਾਤ ਕਾਬੂ ਨਾ ਕੀਤੇ ਗਏ, ਤਾਂ ਮੌਤਾਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਸਕਦੀ ਹੈ। ਜੇਕਰ ਦੂਜਾ ਪੱਖ ਦੇਖੀਏ ਤਾਂ ਪੱਬ, ਰੈਸਟੋਰੈਂਟ, ਥੀਏਟਰ ਜਾਂ ਸੰਗੀਤ ਸਮਾਗਮਾਂ ਦੇ ਪ੍ਰਬੰਧਕਾਂ ਵਿਚ ਆਪਣੇ ਕਾਰੋਬਾਰਾਂ ਦੇ ਡੁੱਬਣ ਦੀ ਭਵਿੱਖੀ ਚਿੰਤਾ ਕਾਰਨ ਨਾਰਾਜ਼ਗੀ ਵੀ ਹੈ।
ਉਥੇ ਹੀ, ਸਕਾਟਲੈਂਡ ਵਿਚ ਹੁਣ ਦੂਜੀ ਮੌਤ ਹੋਣ ਦੀ ਖਬਰ ਮਿਲੀ ਹੈ, ਜਦਕਿ ਪਾਜ਼ੀਟਿਵ ਕੇਸ 153 ਤੋਂ ਵਧਕੇ 195 ਹੋ ਗਏ ਹਨ। ਹੁਣ ਤੱਕ 4895 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਮਹਾਂਮਾਰੀ ਦਾ ਪ੍ਰਭਾਵ ਸਮੁੱਚੇ ਸਕਾਟਲੈਂਡ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ ਅੰਤਾਂ ਦੇ ਭੀੜ ਭੜੱਕੇ ਵਾਲੇ ਮਹਾਂਮਾਰਗ ਵੀ ਸੁੰਨਸਾਨ ਵਰਤਾ ਰਹੇ ਹਨ। ਬੇਸ਼ੱਕ ਸਕਾਟਲੈਂਡ ਵਿਚ ਇੱਕਾ-ਦੁੱਕਾ ਪ੍ਰਭਾਵਿਤ ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲ ਖੁੱਲ੍ਹੇ ਹਨ ਪਰ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਵਿਚ ਵੀ ਗਿਰਾਵਟ ਆਈ ਦੱਸੀ ਜਾ ਰਹੀ ਹੈ। ਬੇਸ਼ੱਕ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਨਤਕ ਸਥਾਨਾਂ ‘ਤੇ ਜਾਣੋਂ ਵਰਜਿਆ ਜਾ ਰਿਹਾ ਹੈ ਪਰ ਖਾਣ-ਪੀਣ ਦੀਆਂ ਵਸਤਾਂ ਖਰੀਦਣ ਦੀ ਦੌੜ ਵਿਚ ਲੱਗੇ ਲੋਕਾਂ ਦੀਆਂ ਭੀੜਾਂ ਖੁਦ ਅਲਾਮਤ ਸਹੇੜਨ ਵਾਂਗ ਪ੍ਰਤੀਤ ਹੁੰਦੀਆਂ ਹਨ। ਇਸ ਸੰਬੰਧੀ ਪ੍ਰਸਿੱਧ ਕਾਰੋਬਾਰੀ ਅਤੇ ਵੱਖ-ਵੱਖ ਸੰਸਥਾਵਾਂ ‘ਚ ਸੇਵਾਵਾਂ ਨਿਭਾ ਰਹੇ ਬਖਸੀਸ਼ ਸਿੰਘ ਦੀਹਰੇ ਨੇ ਜਿੱਥੇ ਲੋਕਾਂ ਨੂੰ ਇਕੱਠਾਂ ਵਿਚ ਨਾ ਵਿਚਰਣ ਦੀ ਅਪੀਲ ਕੀਤੀ, ਉੱਥੇ ਸਮੂਹ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੁਰੇ ਵਕਤ ਵਿਚ ਆਪਣੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਮੁਨਾਫ਼ਾਖੋਰੀ ਦੇ ਰਾਹ ਨਾ ਪੈਣ।


Share