ਕੋਰੋਨਾਵਾਇਰਸ ਕਾਰਨ ਬਰਤਾਨੀਆ ‘ਚ ਫਸੇ ਲੋਕਾਂ ਲਈ ਵੀਜ਼ੇ ਦੀ ਮਿਆਦ 31 ਅਗਸਤ ਤੱਕ ਵਧਾਉਣ ਦਾ ਐਲਾਨ

58
Share

ਲੰਡਨ, 31 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਕਾਰਨ ਫਰਵਰੀ ਮਹੀਨੇ ਤੋਂ ਦੇਸ਼ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਬਰਤਾਨੀਆ ਸਰਕਾਰ ਨੇ 31 ਅਗਸਤ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਲੋਕਾਂ ਦੇ ਵੀਜ਼ੇ ਦੀ ਮਿਆਦ 31 ਜੁਲਾਈ ਨੂੰ ਖ਼ਤਮ ਹੋਣ ਵਾਲੀ ਸੀ। ਉਕਤ ਐਲਾਨ ਬਰਤਾਨੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਰਦਿਆਂ ਦੇਸ਼ ‘ਚ ਵਿਜ਼ਟਰ ਵੀਜ਼ੇ ‘ਤੇ ਫਸੇ ਵੱਖ-ਵੱਖ ਮੁਲਕਾਂ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਸ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਗਰਿਕਾਂ ਦੀ ਸਹੂਲਤ ਲਈ ਹੀਥਰੋ ਹਵਾਈ ਅੱਡੇ ਤੋਂ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਜਦੋਂ ਇਸ ਸਾਲ ਦੇ ਆਰੰਭ ਫਰਵਰੀ ਮਹੀਨੇ ‘ਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਦੁਨੀਆ ਭਰ ‘ਚ ਵਰਤਿਆ ਤਾਂ ਬਰਤਾਨੀਆ ‘ਚ ਵੱਡੀ ਗਿਣਤੀ ‘ਚ ਸੈਲਾਨੀ ਫਸ ਗਏ। ਹਾਲਾਤ ਨੂੰ ਭਾਂਪਦਿਆਂ ਬਰਤਾਨਵੀ ਸਰਕਾਰ ਨੇ ਇਨ੍ਹਾਂ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ 31 ਮਈ ਤੱਕ ਵਧਾ ਦਿੱਤੀ ਪਰ ਕੋਰੋਨਾ ਕਾਰਨ ਸਥਿਤੀ ਜਿਉਂ ਦੀ ਤਿਉਂ ਰਹੀ ਤਾਂ ਵੀਜ਼ਿਆਂ ਦੀ ਮਿਆਦ 31 ਜੁਲਾਈ ਤੱਕ ਵਧਾ ਦਿੱਤੀ ਸੀ।
ਅੱਜ ਇਮੀਗ੍ਰੇਸ਼ਨ ਵਿਭਾਗ ਦੇ ਐਲਾਨ ਨਾਲ ਬਰਤਾਨੀਆ ‘ਚ ਫਸੇ ਵਿਦੇਸ਼ੀ ਨਾਗਰਿਕਾਂ ਵੱਡੀ ਰਾਹਤ ਮਿਲੇਗੀ, ਜੇਕਰ ਬਰਤਾਨੀਆ ‘ਚ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਦੀ ਸਰਸਰੀ ਚਰਚਾ ਕਰੀਏ ਤਾਂ ਹਾਲਾਤ ‘ਚ ਬਹੁਤਾ ਸੁਧਾਰ ਨਹੀਂ ਹੋਇਆ ਅਤੇ ਦੇਸ਼ ਤਾਲਾਬੰਦੀ ਦੇ ਅਸਰ ‘ਚੋਂ ਨਹੀਂ ਨਿਕਲ ਸਕਿਆ। ਬਰਤਾਨਵੀ ਇਮੀਗ੍ਰੇਸ਼ਨ ਵਿਭਾਗ ਦੇ ਫ਼ੈਸਲੇ ਨਾਲ ਭਾਵੇਂ ਉਕਤ ਨਾਗਰਿਕਾਂ ਨੂੰ ਰਾਹਤ ਮਿਲੀ ਹੈ ਪਰ ਉਨ੍ਹਾਂ ਨੂੰ 31 ਅਗਸਤ ਤੋਂ ਪਹਿਲਾਂ-ਪਹਿਲਾਂ ਆਪੋ-ਆਪਣੇ ਵਤਨਾਂ ਨੂੰ ਚਾਲੇ ਜ਼ਰੂਰ ਪਾਉਣੇ ਪੈਣਗੇ। ਨਹੀਂ ਤਾਂ ਉਹ ਗੈਰ-ਕਾਨੂੰਨੀ ਵੀਜ਼ੇ ‘ਤੇ ਠਹਿਰਾਓ ਕਰਨ ਵਾਲੇ ਸਾਬਤ ਹੋ ਜਾਣਗੇ ਅਤੇ ਭਵਿੱਖ ‘ਚ ਮੁੜ ਬਰਤਾਨੀਆ ‘ਚ ਆਉਣ ਵੇਲੇ ਵੱਡੀ ਮੁਸ਼ਕਿਲ ਹੋ ਸਕਦੀ ਹੈ!


Share