ਕੋਰੋਨਾਵਾਇਰਸ ਕਾਰਨ ਦੁਨੀਆਂ ਦੀ ਹਾਲਤ ਲਈ ਚੀਨ ਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ : ਟਰੰਪ

88
Share

ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰ ਦੇ ਨਾਂ ਜਾਰੀ ਇਕ ਵੀਡੀਓ ਸੰਦੇਸ਼ ਵਿਚ ਬੁੱਧਵਾਰ ਨੂੰ ਕੋਵਿਡ-19 ਮਹਾਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਇਆ। ਟਰੰਪ ਨੇ ਕਿਹਾ ਕਿ ਚੀਨ ਨੇ ਦੁਨੀਆਂ ਦੀ ਜੋ ਹਾਲਤ ਕੀਤੀ ਹੈ, ਉਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਹੋਵੇਗੀ।
ਟਰੰਪ ਨੇ ਟਵਿੱਟਰ ‘ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਕਿਹਾ, ”ਮੈਂ ਤੁਹਾਨੂੰ ਉਹੀ ਕੋਰੋਨਾ ਵੈਕਸੀਨ ਦੇਣੀ ਚਾਹੁੰਦਾ ਹਾਂ ਜੋ ਮੈਨੂੰ ਮਿਲੀ ਹੈ। ਮੈਂ ਇਸ ਨੂੰ ਤੁਹਾਨੂੰ ਮੁਫਤ ਦੇਣ ਜਾ ਰਿਹਾ ਹਾਂ। ਤੁਹਾਨੂੰ ਇਸ ਦੇ ਲਈ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਜੋ ਕੁਝ ਵੀ ਹੋਇਆ, ਉਸ ਵਿਚ ਇਹ ਤੁਹਾਡੀ ਗਲਤੀ ਨਹੀਂ ਹੈ ਸਗੋਂ ਇਹ ਚੀਨ ਦੀ ਗਲਤੀ ਸੀ ਅਤੇ ਚੀਨ ਨੂੰ ਇਸ ਦੇ ਲਈ ਇਕ ਵੱਡੀ ਕੀਮਤ ਚੁਕਾਉਣੀ ਹੋਵੇਗੀ। ਇਸ ਦੇਸ਼ ਵਿਚ ਜੋ ਉਸ ਨੇ ਜੋ ਕੀਤਾ ਅਤੇ ਜੋ ਉਸ ਨੇ ਇਸ ਦੁਨੀਆਂ ਵਿਚ ਕਰ ਦਿੱਤਾ ਹੈ।”
ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਇਨਫੈਕਸ਼ਨ ‘ਈਸ਼ਵਰ ਦਾ ਆਸ਼ੀਰਵਾਦ’ ਸੀ ਕਿਉਂਕਿ ਇਸ ਨੇ ਉਨ੍ਹਾਂ ਨੂੰ ਬੀਮਾਰੀ ਦਾ ਇਲਾਜ ਦੇਣ ਲਈ ਸੰਭਾਵਿਤ ਦਵਾਈਆਂ ਬਾਰੇ ਸਿੱਖਿਅਤ ਕੀਤਾ। ਸੋਮਵਾਰ ਸ਼ਾਮੀਂ ਵਾਲਟਰ ਰੀਡ ਤੋਂ ਪਰਤਣ ਦੇ ਬਾਅਦ ਇਸ ਵੀਡੀਓ ਵਿਚ ਟਰੰਪ ਪਹਿਲੀ ਵਾਰ ਦਿਸੇ। ਵਾਲਟਰ ਰੀਡ ਵਿਚ ਉਨ੍ਹਾਂ ਨੂੰ ਕੋਵਿਡ-19 ਦੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਟਰੰਪ ਨੇ ਆਪਣੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਲਾਜ ਦੀ ਤਾਰੀਫ ਕੀਤੀ ਅਤੇ ਅਮਰੀਕੀਆਂ ਨੂੰ ਕੋਵਿਡ-19 ਦੇ ਇਲਾਜ ਲਈ ਮੁਫਤ ਦਵਾਈਆਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਪਿਛਲੇ ਹਫਤੇ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਇਥੇ ਦੱਸ ਦੇਈਏ ਕਿ ਦੁਨੀਆਂ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਬੁੱਧਵਾਰ ਨੂੰ 3.60 ਕਰੋੜ ਪਾਰ ਕਰ ਗਿਆ, ਜਦਕਿ 10.55 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਮਹਾਮਾਰੀ ਦੀ ਚਪੇਟ ਵਿਚ ਆਏ 2.71 ਕਰੋੜ ਲੋਕ ਠੀਕ ਵੀ ਹੋਏ ਹਨ। ਵਿਸ਼ਵ ਵਿਚ ਹੁਣ ਤੱਕ 78.63 ਲੱਖ ਐਕਟਿਵ ਮਾਮਲੇ ਹਨ, ਜਿਨ੍ਹਾਂ ਵਿਚ ਲਗਭਗ 68 ਹਜ਼ਾਰ ਲੋਕਾਂ ਦੀ ਹਾਲਤ ਗੰਭੀਰ ਹੈ।


Share