ਵਾਸ਼ਿੰਗਟਨ, 8 ਮਈ (ਪੰਜਾਬ ਮੇਲ)- ਗਲੋਬਲ ਮਹਾਮਾਰੀ ਕੋਰੋਨਾਵਾਇਰਸ ਤੋਂ ਗੰਭੀਰ ਰੂਪ ਨਾਲ ਨਜਿੱਠ ਰਹੇ ਅਮਰੀਕਾ ਵਿਚ ਇਸ ਦੇ ਕਾਰਨ ਕਰੀਬ 3.3 ਕਰੋੜ ਲੋਕਾਂ ਨੂੰ ਆਪਣੀ ਨੌਕਰੀ ਗੁਆਉਣੀ ਪਈ ਹੈ। ਅਮਰੀਕਾ ਦੇ ਕਿਰਤ ਮੰਤਰਾਲੇ (ਲੇਬਰ ਮਿਨਸਟਰੀ) ਵੱਲੋਂ ਵੀਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 31.7 ਲੱਖ ਲੋਕਾਂ ਨੇ ਪਿਛਲੇ ਹਫਤੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ। ਕਿਰਤ ਮੰਤਰਾਲੇ ਦੇ ਬਿਆਨ ਮੁਤਾਬਕ 2 ਮਈ ਤੱਕ 31,69,000 ਹੋਰ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ।
ਇਸ ਤੋਂ ਪਹਿਲਾਂ ਪਿਛਲੇ 6 ਹਫਤਿਆਂ ਦੌਰਾਨ ਕਰੀਬ 3 ਕਰੋੜ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਸੀ। ਕੋਰੋਨਾਵਾਇਰਸ ਕਾਰਨ ਗੈਰ-ਜ਼ਰੂਰੀ ਸੇਵਾਵਾਂ ਨਾਲ ਕਾਰੋਬਾਰੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਅਮਰੀਕਾ ਵਿਚ ਇਸ ਮਹਾਮਾਰੀ ਨੇ ਬਹੁਤ ਵੱਡਾ ਰੂਪ ਧਾਰ ਲਿਆ ਹੈ ਅਤੇ ਹੁਣ ਤੱਕ 12.31 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨਿਅਰਿੰਗ ਕੇਂਦਰ (ਸੀ.ਐੱਸ.ਐੱਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 73,573 ਪਹੁੰਚ ਗਈ ਹੈ ਜਦਕਿ 2.14 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।