ਕੋਟਕਪੂਰਾ ਗੋਲੀ ਕਾਂਡ : ਵਿਸ਼ੇਸ਼ ਜਾਂਚ ਟੀਮ ਵੱਲੋਂ 9 ਉੱਚ ਪੁਲਿਸ ਅਫ਼ਸਰਾਂ ਕੋਲੋਂ ਪੁੱਛ-ਪੜਤਾਲ

299
Share

‘ਸਿਟ’ ਅੱਗੇ ਪੇਸ਼ੇ ਹੋਏ ਤਤਕਾਲੀ ਐੱਸ.ਐੱਸ.ਪੀ., ਡੀ.ਐੱਸ.ਪੀ. ਤੇ ਇੰਸਪੈਕਟਰ
ਫ਼ਰੀਦਕੋਟ, 29 ਜੁਲਾਈ (ਪੰਜਾਬ ਮੇਲ)-ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬੁੱਧਵਾਰ ਇਥੇ ਟੀਮ ਦੇ ਦਫ਼ਤਰ ਵਿਚ ਪੰਜਾਬ ਪੁਲਿਸ ਦੇ 9 ਉੱਚ ਅਫ਼ਸਰਾਂ ਕੋਲੋਂ ਪੁੱਛ-ਪੜਤਾਲ ਕੀਤੀ, ਜਿਨ੍ਹਾਂ ਜੇਲ੍ਹ ਵਿਭਾਗ ਦੇ ਡੀ. ਆਈ. ਜੀ. ਸੁਖਮਿੰਦਰ ਸਿੰਘ ਮਾਨ ਵੀ ਸ਼ਾਮਲ ਹਨ, ਜੋ ਕੋਟਕਪੂਰਾ ਗੋਲੀਕਾਂਡ ਸਮੇਂ ਫ਼ਰੀਦਕੋਟ ਦੇ ਐੱਸ.ਐੱਸ.ਪੀ. ਸਨ। ਜਾਂਚ ਟੀਮ ਨੇ ਇਸ ਤੋਂ ਇਲਾਵਾ ਡੀ. ਐੱਸ.ਪੀ. ਹਰਜਿੰਦਰ ਸਿੰਘ, ਡੀ.ਐੱਸ.ਪੀ. ਅਮਰਜੀਤ ਸਿੰਘ, ਇੰਸਪੈਕਟਰ ਕੁਲਦੀਪ ਚੰਦ, ਇੰਸਪੈਕਟਰ ਬਚਨ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਤੋਂ ਵੀ ਪੁੱਛ-ਪੜਤਾਲ ਕੀਤੀ। ਇਹ ਸਾਰੇ ਪੁਲਿਸ ਅਧਿਕਾਰੀ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਸਮੇਂ ਕੋਟਕਪੂਰਾ ’ਚ ਹਾਜ਼ਰ ਸਨ।¿;
ਫ਼ਰੀਦਕੋਟ ਦੇ ਡੀ.ਆਈ.ਜੀ. ਸੁਰਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਤੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਪੁੱਛ-ਪੜਤਾਲ ਕੀਤੀ ਅਤੇ ਬਕਾਇਦਾ ਤੌਰ ’ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਜਾਂਚ ਟੀਮ ਇਸ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਬਕਾ, ਡੀ. ਜੀ. ਪੀ. ਸੁਮੇਧ ਸੈਣੀ ਸਮੇਤ 200 ਵਿਅਕਤੀਆਂ ਦੇ ਬਿਆਨ ਕਲਮਬੰਦ ਕਰ ਚੁੱਕੀ ਹੈ। ਜਾਂਚ ਟੀਮ ਨੇ ਇਸ ਮਾਮਲੇ ’ਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੇ ਨਾਰਕੋ ਟੈਸਟ ਦੀਆਂ ਵੀ ਤਿਆਰੀਆਂ ਕਰ ਲਈਆਂ ਹਨ। ਇਸ ਟੈਸਟ ਲਈ ਇਲਾਕਾ ਮੈਜਿਸਟ੍ਰੇਟ ਨੇ ਦੋ ਹਫਤੇ ਪਹਿਲਾਂ ਹੀ ਮਨਜ਼ੂਰੀ ਦਿੱਤੀ ਹੈ। ਜਦੋਂ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੇ ਕੋਟਕਪੂਰਾ ਗੋਲ਼ੀਕਾਂਡ ਵਿਚ ਆਪਣਾ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਕੋਟਕਪੂਰਾ ਗੋਲੀ ਕਾਂਡ ਦੀ ਪਹਿਲੀ ਜਾਂਚ ਪੜਤਾਲ ਰੱਦ ਹੋਣ ਤੋਂ ਬਾਅਦ ਜਾਂਚ ਟੀਮ ਨੇ ਦੂਸਰੀ ਚਾਰਜਸ਼ੀਟ ਤਿਆਰ ਕਰਨ ਲਈ ਸਾਰੇ ਗਵਾਹਾਂ ਨੂੰ ਦੁਬਾਰਾ ਹੜਤਾਲ ਵਿਚ ਸ਼ਾਮਲ ਕੀਤਾ ਹੈ।


Share