ਕੋਟਕਪੂਰਾ ਗੋਲੀ ਕਾਂਡ: ਐੱਫ.ਆਈ.ਆਰ. ਰੱਦ ਕਰਵਾਉਣ ਲਈ ਹੋਈ ਸੁਣਵਾਈ

ਫ਼ਰੀਦਕੋਟ, 10 ਜੁਲਾਈ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ 7 ਅਗਸਤ, 2018 ਨੂੰ ਦਰਜ ਹੋਈ ਐੱਫ.ਆਈ.ਆਰ. ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਹੋਈ। ਜਸਟਿਸ ਤੇਜਿੰਦਰ ਢੀਂਡਸਾ ਦੀ ਅਦਾਲਤ ਵਿਚ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ.ਐੱਚ.ਓ. ਗੁਰਦੀਪ ਪੰਧੇਰ ਅਤੇ 14 ਅਕਤੂਬਰ, 2015 ਦੀ ਰਾਤ ਨੂੰ ਸਿੱਖ ਸੰਗਤ ਨਾਲ ਝਗੜੇ ਦੌਰਾਨ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਰਛਪਾਲ ਸਿੰਘ ਨੇ ਮੁਕੱਦਮਾ ਨੰਬਰ 129 ਅ/ਧ 307, 326, 323, 324, 148, 149 ਅਤੇ ਅਸਲਾ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਕਰੇਗੀ। ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਅਦਾਲਤ ‘ਚ ਦੱਸਿਆ ਕਿ ਇਸ ਮਾਮਲੇ ਦੀ ਪੈਰਵੀ ਲਈ 26 ਜੁਲਾਈ ਨੂੰ ਦੇਸ਼ ਦੇ ਸੀਨੀਅਰ ਐਡਵੋਕੇਟ ਅਦਾਲਤ ‘ਚ ਪੇਸ਼ ਹੋਣਗੇ। ਅਦਾਲਤ ਨੇ 26 ਜੁਲਾਈ ਤੱਕ ਕੇਸ ‘ਚ ਅਗਾਊਂ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਗੌਰਵ ਧੂਰੀ ਨੇ ਕਿਹਾ ਕਿ ਹਾਲ ਦੀ ਘੜੀ ਪੰਜਾਬ ਸਰਕਾਰ ਕੋਟਕਪੂਰਾ ਗੋਲੀ ਕਾਂਡ ‘ਚ ਕੋਈ ਨਵੀਂ ਕਾਰਵਾਈ ਨਹੀਂ ਕਰ ਰਹੀ। ਪੰਜਾਬ ਸਰਕਾਰ ਦੇ ਸਟੈਂਡ ਨਾਲ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਅਮਰ ਸਿੰਘ ਚਹਿਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ 24 ਮਈ ਨੂੰ ਜਾਂਚ ਟੀਮ ਨੇ ਦਾਅਵਾ ਕੀਤਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੋਟਕਪੂਰਾ ਗੋਲੀ ਕਾਂਡ ‘ਚ ਕਿਸੇ ਵੀ ਸਮੇਂ ਚਲਾਨ ਪੇਸ਼ ਕਰ ਸਕਦੀ ਹੈ। ਪੁਲਿਸ ਅਧਿਕਾਰੀ ਰਛਪਾਲ ਸਿੰਘ 14 ਅਕਤੂਬਰ, 2015 ਨੂੰ ਕੋਟਕਪੂਰਾ ਗੋਲੀ ਕਾਂਡ ਦੌਰਾਨ ਜ਼ਖ਼ਮੀ ਹੋ ਗਏ ਸਨ ਅਤੇ ਜ਼ਖ਼ਮੀ ਹੋਏ ਪੁਲਿਸ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਕੋਟਕਪੂਰਾ ‘ਚ ਮੁਕੱਦਮਾ ਨੰਬਰ 192 ਦਰਜ ਹੋਇਆ ਸੀ। ਇਸ ਮੁਕੱਦਮੇ ਵਿਚ ਪੰਜਾਬ ਪੁਲਿਸ, ਸੀ.ਬੀ.ਆਈ. ਅਤੇ ਵਿਸ਼ੇਸ਼ ਜਾਂਚ ਟੀਮ ਨੇ ਕੋਈ ਕਾਰਵਾਈ ਨਹੀਂ ਕੀਤੀ।
ਪੁਲਿਸ ਅਧਿਕਾਰੀਆਂ ਨੇ ਖ਼ੁਦ ਨੂੰ ਪੀੜਤ ਦੱਸਦਿਆਂ ਇਸ ਮਾਮਲੇ ਦੀ ਵੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕੋਟਕਪੂਰਾ ਗੋਲੀ ਕਾਂਡ ਤੋਂ ਤਿੰਨ ਸਾਲਾਂ ਬਾਅਦ ਦਰਜ ਹੋਏ ਮੁਕੱਦਮਾ ਨੰਬਰ 129 ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ‘ਚ ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਵੀ ਮੌਜੂਦ ਸਨ।