ਕੈਲੀਫੋਰਨੀਆ ਵਿੱਚ ਏਸ਼ੀਅਨ ਲੋਕਾਂ ਨਾਲ ਨਫਰਤੀ ਘਟਨਾਵਾਂ ਵਿੱਚ ਹੋਇਆ ਵਾਧਾ

286
Share

ਫਰਿਜ਼ਨੋ (ਕੈਲੀਫੋਰਨੀਆ), 18 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-ਕੈਲੀਫੋਰਨੀਆ ਸੂਬੇ ਵਿੱਚ ਏਸ਼ੀਅਨ ਲੋਕਾਂ ਨਾਲ ਹੁੰਦੀਆਂ ਨਫਰਤੀ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।ਇਸ ਸੰਬੰਧੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸਟਾਪ ਏ ਪੀ ਆਈ ਹੇਟ ਰਿਪੋਰਟਿੰਗ ਸੈਂਟਰ ਨੂੰ  ਕੈਲੀਫੋਰਨੀਆ ਵਿੱਚ ਮਾਰਚ 2020 ਅਤੇ ਇਸ ਸਾਲ ਫਰਵਰੀ ਦੇ ਵਿਚਕਾਰ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ 1,691 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਜਦਕਿ ਦੇਸ਼ ਭਰ ਵਿੱਚ, 19 ਮਾਰਚ, 2020 ਤੋਂ ਇਸ ਸਾਲ 28 ਫਰਵਰੀ ਤੱਕ, ਏਸ਼ੀਆ-ਵਿਰੋਧੀ ਨਸਲਵਾਦ ਦੀਆਂ 3,795 ਘਟਨਾਵਾਂ ਕੇਂਦਰ ਵਿੱਚ ਰਿਪੋਰਟ ਕੀਤੀਆਂ ਗਈਆਂ ਹਨ।ਇਹਨਾਂ  ਵਿੱਚ ਜ਼ੁਬਾਨੀ ਸ਼ੋਸ਼ਣ ਤੋਂ ਲੈ ਕੇ ਸਰੀਰਕ ਸ਼ੋਸ਼ਣ ਤੱਕ ਅਤੇ ਏਸ਼ੀਅਨ ਹੋਣ ਕਾਰਨ ਸੇਵਾਵਾਂ ਤੋਂ ਇਨਕਾਰ ਕਰਨ ਸੰਬੰਧੀ ਰਿਪੋਰਟਾਂ ਦਰਜ ਹਨ । ਇਨ੍ਹਾਂ ਵਿੱਚੋਂ ਲੱਗਭਗ 44.56% ਰਿਪੋਰਟਾਂ ਕੈਲੀਫੋਰਨੀਆ ਨਾਲ ਸੰਬੰਧਿਤ ਸਨ। ਇਹ ਅੰਕੜੇ ਪਿਛਲੇ ਸਾਲ ਮਾਰਚ ਅਤੇ ਜੁਲਾਈ ਦਰਮਿਆਨ ਕੈਲੀਫੋਰਨੀਆ ਵਿੱਚ ਵਾਪਰੀਆਂ 1,116 ਘਟਨਾਵਾਂ ਵਿੱਚ ਵਾਧਾ ਦਰਸਾਉਂਦੇ ਹਨ।ਕੇਂਦਰ ਨੂੰ 2021 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ 503 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਏਸ਼ੀਅਨ ਲੋਕਾਂ ਨਾਲ ਵਿਤਕਰੇ ਸੰਬੰਧੀ ਇਹ ਨਵਾਂ ਅਧਿਐਨ ਹਾਲ ਦੇ ਮਹੀਨਿਆਂ ਵਿੱਚ, ਖ਼ਾਸਕਰ ਬੇ ਖੇਤਰ ਵਿੱਚ, ਏਸ਼ੀਆ-ਵਿਰੋਧੀ ਵਿਤਕਰੇ ਅਤੇ ਹਿੰਸਾ ਵਿੱਚ ਵਾਧੇ ਤੋਂ ਬਾਅਦ ਆਇਆ ਹੈ।ਪਿਛਲੇ ਮਹੀਨੇ, ਕੈਲੀਫੋਰਨੀਆ ਦੇ ਵਿਧਾਇਕਾਂ ਨੇ ਸਟਾਪ ਏ ਪੀ ਆਈ ਹੇਟ ਸੈਂਟਰ ਦੀ  ਸਹਾਇਤਾ ਕਰਨ ਅਤੇ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ ਹੋਰ ਘਟਨਾਵਾਂ ਦਾ ਪਤਾ ਲਗਾਉਣ ਲਈ ਸਹਾਇਤਾ ਵਜੋਂ 1.4 ਮਿਲੀਅਨ ਡਾਲਰ ਅਲਾਟ ਕੀਤੇ ਹਨ।

Share