ਕੈਲੀਫੋਰਨੀਆ ਵਿਚ ਲੱਗੀ ਜੰਗਲੀ ਅੱਗ ਕਰਕੇ ਅਮਰੀਕਾ ‘ਚ ਲੱਗੇਗਾ ਸਾਲ ਦਾ ਸਭ ਤੋਂ ਵੱਡਾ ਬਿਜਲੀ ਕੱਟ

438
Share

ਫਰਿਜ਼ਨੋ, 24 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਵਿਚ ਲੱਗੀ ਜੰਗਲੀ ਅੱਗ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਸਭ ਕੁੱਝ ਤਬਾਹ ਕਰ ਰਹੀ ਹੈ। ਇਸ ਅੱਗ ਕਾਰਨ ਇਸ ਰਾਜ ਦੇ ਕਈ ਖੇਤਰਾਂ ਵਿਚ ਲੋਕਾਂ ਨੂੰ ਲੰਮੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ।

ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਸੀ. ਈ. ਓ. ਵਿਲੀਅਮ ਜੌਹਨਸਨ ਅਨੁਸਾਰ ਜੰਗਲਾਂ ਦੀ ਅੱਗ ਦੇ ਖਤਰੇ ਕਾਰਨ ਬਿਜਲੀ ਬੰਦ ਹੋਣੀ ਸੁਭਾਵਿਕ ਅਤੇ ਜ਼ਰੂਰੀ ਹੈ। ਇਸ ਸਮੇਂ ਪੀ. ਜੀ. ਐਂਡ ਈ. ਕਾਰਪੋਰੇਸ਼ਨ, 2020 ਦੀ ਸਭ ਤੋਂ ਖਤਰਨਾਕ ਅੱਗ ਦਾ ਸਾਹਮਣਾ ਕਰ ਰਹੀ ਹੈ ਅਤੇ ਉਮੀਦ ਹੈ ਕਿ ਐਤਵਾਰ ਨੂੰ ਲਗਭਗ 4,66,000 ਘਰਾਂ ਅਤੇ ਕਾਰੋਬਾਰਾਂ ਲਈ ਬਿਜਲੀ ਬੰਦ ਰਹੇਗੀ ਕਿਉਂਕਿ ਜੰਗਲੀ ਅੱਗ ਜ਼ਿਆਦਾ ਖਤਰਨਾਕ ਹੋ ਗਈ ਹੈ।

ਕੰਪਨੀ ਨੇ ਸ਼ੁੱਕਰਵਾਰ ਦੇਰ ਸ਼ਾਮ ਐਲਾਨ ਕੀਤਾ, ਇਹ ਸਾਲ ਦਾ ਸਭ ਤੋਂ ਵੱਡਾ ਬਿਜਲੀ ਕੱਟ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਲੈਕ ਆਊਟ ਐਤਵਾਰ ਸਵੇਰ ਤੋਂ ਸ਼ੁਰੂ ਹੋ ਕੇ ਮੰਗਲਵਾਰ ਤੱਕ ਚੱਲੇਗਾ ਪੀ. ਜੀ. ਐਂਡ ਈ. ਦੇ ਵਿਸ਼ਾਲ ਖੇਤਰ ਵਿਚ 38 ਕਾਉਂਟੀਆਂ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ। ਜ਼ਿਕਰਯੋਗ ਹੈ ਕਿ ਸਾਲ 2019 ਦੇ ਸ਼ੁਰੂ ਵਿਚ ਜੰਗਲੀ ਅੱਗਾਂ ਨੇ ਪੀ. ਜੀ. ਐਂਡ ਈ. ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ, ਜਿਸ ਕਰਕੇ ਅੱਗ ਤੋਂ ਬਚਾਅ ਲਈ ਇਹ ਇਕ ਜ਼ਰੂਰੀ ਕਦਮ ਦੱਸਿਆ ਜਾ ਰਿਹਾ ਹੈ। ਕੈਲੀਫੋਰਨੀਆ ਖੇਤਰ ਵਿਚ ਅੱਗ ਦੇ ਫੈਲਣ ਵਿਚ ਮੌਸਮ ਵਿਭਾਗ ਨੇ ਵੱਡਾ ਹੱਥ ਇਸ ਸਾਲ ਦੇ ਮੌਸਮ ਦਾ ਦੱਸਿਆ ਹੈ। ਇਸ ਭਿਆਨਕ ਅੱਗ ਵਿਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਲੱਖ ਤੋਂ ਜ਼ਿਆਦਾ ਏਕੜ ਸੜ ਚੁੱਕੇ ਹਨ।


Share