ਕੈਲੀਫੋਰਨੀਆ ਪ੍ਰਸ਼ਾਸਨ ਕਰ ਰਿਹਾ ਹੈ ਕੋਰੋਨਾਂ ਮੌਤਾਂ ਨਾਲ ਨਜਿੱਠਣ ਦੀ ਤਿਆਰੀ,ਦਿੱਤਾ ਹਜ਼ਾਰਾਂ ਬਾਡੀ ਬੈਗਸ ਦਾ ਆਰਡਰ 

86
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਕੈਲੀਫੋਰਨੀਆਂ ਵਿੱਚ ਕੋਰੋਨਾਂ ਵਾਇਰਸ ਨੇ ਬਹੁਤ ਵੱਡੇ ਪੱਧਰ ‘ਤੇ ਆਪਣਾ ਪ੍ਰਕੋਪ ਢਾਹਿਆ ਹੈ।ਸੂਬੇ ਵਿੱਚ ਵਾਇਰਸ ਦੀ ਲਾਗ ਦੇ ਮਾਮਲਿਆਂ ਨਾਲ ਮੌਤਾਂ ਵਿੱਚ ਵੀ ਲਗਾਤਾਰ ਵਾਧਾ ਜਾਰੀ ਹੈ।ਮੌਤਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਗਵਰਨਰ ਗੈਵਿਨ ਨਿਊਸਮ ਅਨੁਸਾਰ
ਕੈਲੀਫੋਰਨੀਆਂ ਨੇ ਮੰਗਲਵਾਰ ਨੂੰ ਮ੍ਰਿਤਕਾਂ ਨੂੰ ਸੰਭਾਲਣ ਲਈ 5 ਹਜ਼ਾਰ ਬਾਡੀ ਬੈਗ ਆਰਡਰ ਕਰਨ ਦੇ ਨਾਲ ਰਾਜ ਦੇ ਮਾਸ ਫੈਟੀਲਿਟੀ ਪ੍ਰੋਗਰਾਮ ਨੂੰ ਵੀ ਚਾਲੂ ਕੀਤਾ ਹੈ। ਵਾਇਰਸ ਦੇ ਸੰਬੰਧ ਵਿੱਚ ਰਾਜ ਦੇ ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਕੈਲੀਫੋਰਨੀਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਅਤੇ ਮੰਗਲਵਾਰ ਨੂੰ 142 ਲੋਕਾਂ ਦੀ ਮੌਤ ਕੋਵਿਡ -19 ਦੀ ਵਜ੍ਹਾ ਹੋਈ ਹੈ ਅਤੇ ਅਗਲੇ ਦੋ ਹਫ਼ਤਿਆਂ ਵਿੱਚ ਹੋਰ ਮੌਤਾਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਪ੍ਰਾਂਤ ਵਿੱਚ ਲਾਗ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੌਰਾਨ ਸੋਮਵਾਰ ਨੂੰ 30,000 ਤੋਂ ਵੱਧ ਲੋਕਾਂ ਨੇ ਵਾਇਰਸ ਦਾ ਸਕਾਰਾਤਮਕ ਟੈਸਟ ਵੀ ਕੀਤਾ ਹੈ।ਇਹ ਮ੍ਰਿਤਕ ਸ਼ਰੀਰ ਨੂੰ ਸੰਭਾਲਣ ਵਾਲੇ ਬੈਗ ਸੂਬੇ ਦੀਆਂ ਤਿੰਨ ਕਾਉਂਟੀਜ਼ ਲਾਸ ਏਂਜਲਸ ,ਸੈਨ ਡਿਏਗੋ ਅਤੇ ਇਨਯੋ ਵਿੱਚ ਮੌਤਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਰਡਰ ਕੀਤੇ ਗਏ ਹਨ। ਇਸਦੇ ਇਲਾਵਾ  ਹਸਪਤਾਲਾਂ ਅਤੇ ਮੁਰਦਾ ਘਰਾਂ ਤੋਂ ਇਲਾਵਾ ਲਾਸ਼ਾਂ ਨੂੰ ਸਟੋਰ ਕਰਨ ਲਈ 60 ਰੈਫ੍ਰਿਜਰੇਟਿਡ ਸਟੋਰੇਜ ਟਰੱਕ ਵੀ ਸ਼ਾਮਲ ਹਨ। ਇਸਦੇ ਨਾਲ ਹੀ ਕੋਵਿਡ ਦੇ ਮਰੀਜ਼ਾਂ ਨਾਲ ਰਾਜ ਭਰ ਵਿੱਚ ਇੰਟੈਂਸਿਵ ਕੇਅਰ ਯੂਨਿਟਾਂ ਦੀ ਘਾਟ ਪੈਦਾ ਹੋ ਰਹੀ ਹੈ। ਜੌਨਸ ਹੌਪਕਿਨਜ਼ ਦੇ ਅੰਕੜਿਆਂ ਅਨੁਸਾਰ, ਕੈਲੀਫੋਰਨੀਆਂ ਜੋ ਕਿ ਦੇਸ਼ ‘ਚ ਵੱਧ ਅਬਾਦੀ ਵਾਲਾ ਰਾਜ ਹੈ,  ਵਿੱਚ 21,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ ਜਦਕਿ ਪੂਰੇ ਯੂ ਐਸ ਏ ਵਿੱਚ 300,000 ਤੋਂ ਵੱਧ ਲੋਕਾਂ ਦੀ ਮੌਤ ਕੋਵਿਡ-19 ਦਾ ਸ਼ਿਕਾਰ ਹੋਣ ਤੋਂ ਬਾਅਦ ਹੋਈ ਹੈ।

Share