ਕੈਲੀਫੋਰਨੀਆ ਪ੍ਰਸ਼ਾਸਨ ਵੱਲੋਂ ਬੇਰੋਜ਼ਗਾਰੀ ਭੱਤੇ ਦੇ ਭੁਗਤਾਨ ਕਰਨ ‘ਚ ਕੋਤਾਹੀ ਭਰੀ ਕਾਰਗੁਜ਼ਾਰੀ ਆਈ ਸਾਹਮਣੇ

90
Share

-20 ਹਜ਼ਾਰ ਕੈਦੀਆਂ ਨੂੰ ਦਿੱਤਾ ਬੇਰੋਜ਼ਗਾਰੀ ਭੱਤਾ
ਫਰਿਜ਼ਨੋ, 26 ਨਵੰਬਰ (ਨੀਟਾ ਮਾਛੀਕੇ/ਪੰਜਾਬ ਮੇਲ)-ਕੈਲੀਫੋਰਨੀਆ ‘ਚ ਬੇਰੋਜ਼ਗਾਰੀ ਭੱਤੇ ਦੇ ਭੁਗਤਾਨ ਕਰਨ ਵਿਚ ਪ੍ਰਸ਼ਾਸਨ ਦੀ ਨਿਰਾਸ਼ਾਜਨਕ ਅਤੇ ਕੋਤਾਹੀ ਭਰੀ ਕਾਰਗੁਜ਼ਾਰੀ ਸਾਹਮਣੇ ਆਈ ਹੈ, ਜਿਸ ਵਿਚ ਸੂਬੇ ਨੇ ਘੱਟੋ-ਘੱਟ 20,000 ਕੈਦੀਆਂ ਲਈ 140 ਮਿਲੀਅਨ ਡਾਲਰ ਤੋਂ ਵੱਧ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਸਥਾਨਕ ਅਤੇ ਫੈਡਰਲ ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ ਇਕ ਅਜਿਹੀ ਯੋਜਨਾ ਦਾ ਵੇਰਵਾ ਦਿੱਤਾ, ਜਿਸ ਦੇ ਸਿੱਟੇ ਵਜੋਂ ਸਕਾਟ ਪੀਟਰਸਨ ਅਤੇ ਹੋਰ ਦੋਸ਼ੀ ਕਾਤਲਾਂ ਦੇ ਨਾਂ ਵੀ ਭੱਤੇ ਵਿਚ ਸ਼ਾਮਲ ਕੀਤੇ ਗਏ ਹਨ।
ਸੈਕਰਾਮੈਂਟੋ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਐਨ ਮੈਰੀ ਸ਼ੂਬਰਟ ਅਨੁਸਾਰ ਮਾਰਚ ਤੋਂ ਅਗਸਤ ਤੱਕ ਕੈਲੀਫੋਰਨੀਆ ਦੇ ਰੋਜ਼ਗਾਰ ਵਿਕਾਸ ਵਿਭਾਗ ‘ਚ ਦਾਇਰ ਕੀਤੇ ਦਾਅਵਿਆਂ ਵਿਚ 35,000 ਤੋਂ ਵੱਧ ਕੈਦੀਆਂ ਦੇ ਨਾਂ ਸਨ, ਜਿਨ੍ਹਾਂ ਵਿਚੋਂ 20,000 ਤੋਂ ਵੱਧ ਭੁਗਤਾਨ ਕੀਤੇ ਜਾ ਰਹੇ ਹਨ। ਮੌਤ ਦੀ ਸਜ਼ਾ ਪਾਉਣ ਵਾਲੇ 133 ਕੈਦੀਆਂ ਲਈ ਘੱਟੋ-ਘੱਟ 158 ਦਾਅਵੇ ਦਾਇਰ ਕੀਤੇ ਗਏ ਸਨ, ਜਿਸ ਦੇ ਨਤੀਜੇ ਵਜੋਂ 420,000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ।
ਇਨ੍ਹਾਂ ਕੈਦੀਆਂ ਵਿਚ ਬਲਾਤਕਾਰ, ਬੱਚਿਆਂ ਨਾਲ ਛੇੜਛਾੜ, ਮਨੁੱਖੀ ਤਸਕਰੀ ਅਤੇ ਰਾਜ ਦੀਆਂ ਜੇਲ੍ਹਾਂ ਵਿਚ ਹੋਰ ਹਿੰਸਕ ਅਪਰਾਧੀ ਸ਼ਾਮਲ ਹਨ। ਇਸ ਸੂਚੀ ਵਿਚ ਪੀਟਰਸਨ ਵੀ ਸ਼ਾਮਲ ਹੈ, ਜਿਸ ਨੂੰ ਆਪਣੀ ਗਰਭਵਤੀ ਪਤਨੀ ਦੀ ਹੱਤਿਆ ਦੇ ਦੋਸ਼ੀ ਹੋਣ ਦੇ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਹਾਲ ਹੀ ਵਿਚ ਪੀਟਰਸਨ ਦੀ ਮੌਤ ਦੀ ਸਜ਼ਾ ਨੂੰ ਪਲਟਾ ਕੇ ਹੇਠਲੀ ਅਦਾਲਤ ਨੂੰ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਵਿਚ ਪੀਟਰਸਨ ਦੇ ਵਕੀਲ, ਪੈਟ ਹੈਰਿਸ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੀਟਰਸਨ ਨੂੰ ਰਾਜ ਤੋਂ ਬੇਰੋਜ਼ਗਾਰੀ ਸਹਾਇਤਾ ਮਿਲੀ ਹੈ। ਇਸ ਭੱਤੇ ਨੂੰ ਪ੍ਰਾਪਤ ਕਰਨ ਲਈ ਕੁਝ ਮਾਮਲਿਆਂ ਵਿਚ ਕੈਦੀਆਂ ਨੇ ਆਪਣੇ ਅਸਲ ਨਾਂ ਦੀ ਵਰਤੋਂ ਕੀਤੀ, ਜਦਕਿ ਕਈ ਹੋਰਾਂ ਨੇ ਜਾਅਲੀ ਨਾਂ ਅਤੇ ਇਥੋਂ ਤੱਕ ਕਿ ਜਾਅਲੀ ਸੋਸ਼ਲ ਸਕਿਓਰਿਟੀ ਨੰਬਰ ਵੀ ਵਰਤੇ ਸਨ।
ਸਰਕਾਰੀ ਵਕੀਲਾਂ ਨੇ ਇਸ ਮਾਮਲੇ ‘ਚ ਰੋਜ਼ਗਾਰ ਵਿਕਾਸ ਵਿਭਾਗ ਨੂੰ ਦੋਸ਼ੀ ਠਹਿਰਾਇਆ, ਜੋ ਕਿ ਮਾਰਚ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 16.4 ਮਿਲੀਅਨ ਤੋਂ ਵੱਧ ਲਾਭ ਦੇ ਦਾਅਵਿਆਂ ਨਾਲ ਨਾਲ ਨਜਿੱਠ ਰਹੇ ਹਨ। ਸੂਬੇ ਦੇ ਗਵਰਨਰ ਨਿਊਸਮ ਨੇ ਐਮਰਜੈਂਸੀ ਸੇਵਾਵਾਂ ਦੇ ਦਫਤਰ ਨੂੰ ਇਸ ਕੇਸ ਵਿਚ ਵਕੀਲਾਂ ਨੂੰ ਜਾਂਚ ਵਿਚ ਸਹਾਇਤਾ ਲਈ ਇਕ ਟਾਸਕ ਫੋਰਸ ਸਥਾਪਤ ਕਰਨ ਹੁਕਮ ਦਿੱਤਾ ਹੈ ।


Share