ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਲੇਕ ਐਲੀਸਨੋਰ, 11 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਇਲਾਕਿਆਂ ਵੱਲ ਵਧ ਰਹੀ ਹੈ। ਅਧਿਕਾਰੀਆਂ ਵਲੋਂ ਖੇਤਰ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਫਾਇਰ ਫਾਈਟਰਜ਼ ਅਧਿਕਾਰੀ ਲੱਗਭਗ ਇਕ ਮਹੀਨੇ ਪਹਿਲਾਂ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਲਈ ਲਗਾਤਾਰ ਜੂਝ ਰਹੇ ਹਨ। ਇਸ ਅੱਗ ਤੋਂ ਨਿਕਲਣ ਵਾਲੇ ਧੂੰਏਂ ਤੋਂ ਉੱਥੋਂ ਦੀ ਹਵਾ ਬੇਹੱਦ ਖਰਾਬ ਹੋ ਚੁੱਕੀ ਹੈ, ਇਸ ਕਾਰਨ ਖਤਰੇ ਨੂੰ ਦੇਖਦੇ ਹੋਏ ਉਨ੍ਹਾਂ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਹੁਕਮ ਦਿੱਤੇ ਗਏ ਹਨ।
ਜੰਗਲਾਂ ਵਿਚ ਅੱਗ ਲੱਗਣ ਦੇ ਕਰੀਬ ਇਕ ਮਹੀਨੇ ਬਾਅਦ ਮੌਸਮ ਵਿਭਾਗ ਨੇ ਸੈਟੇਲਾਈਟ ਤੋਂ ਲਈਆਂ ਗਈਆਂ ਧੂੰਏਂ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਕੀਤਾ ਹੈ, ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਇਹ ਅਮਰੀਕਾ ਦੇ ਉੱਤਰੀ ਮੈਦਾਨੀ ਖੇਤਰ ਤੋਂ ਪਹਿਲਾਂ ਪੱਛਮੀ ਅਤੇ ਮੱਧ ਕੈਨੇਡਾ ਵੱਲ ਵਧ ਰਿਹਾ ਹੈ।
ਉੱਤਰੀ ਕੈਲੀਫੋਰਨੀਆ ਵਿਚ ਸਿਹਤ ਸਬੰਧੀ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ, ਜਿੱਥੇ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਚੁੱਕੀ ਹੈ, ਜੋ ਬੱਚਿਆਂ ਅਤੇ ਬਜ਼ੁਰਗ ਲੋਕਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਅੱਗ ਨੂੰ ਕੈਲੀਫੋਰਨੀਆ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਅੱਗ ਘੋਸ਼ਿਤ ਕੀਤਾ ਗਿਆ ਹੈ। ਅੱਗ ਬੁਝਾਉਣ ‘ਚ 14,000 ਤੋਂ ਵਧ ਫਾਇਰ ਫਾਈਟਰਜ਼ ਲੱਗੇ ਹੋਏ ਹਨ।