ਕੈਲੀਫੋਰਨੀਆ ਦੀ ਰਾਜਧਾਨੀ ਦੇ ਬਾਹਰ ਹੋਇਆ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ

ਸੈਕਰਾਮੈਂਟੋ, 2 ਦਸੰਬਰ (ਪੰਜਾਬ ਮੇਲ)- ਪੰਜਾਬ ਦੀਆਂ ਮੌਜੂਦਾ ਘਟਨਾਵਾਂ ਅਤੇ ਸਿੱਖਾਂ ਵਿਰੁੱਧ ਹੋਈਆਂ ਗਤੀਵਿਧੀਆਂ ਦੇ ਵਿਰੋਧ ‘ਚ ਕੈਲੀਫੋਰਨੀਆ ਦੀ ਰਾਜਧਾਨੀ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ, ਜੋ ਕਿ ਇਕ ਰੈਲੀ ਦਾ ਰੂਪ ਧਾਰਨ ਕਰ ਗਿਆ। ਕੈਲੀਫੋਰਨੀਆ ਭਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਇਥੇ ਪਹੁੰਚ ਕੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਆਏ ਵੱਖ-ਵੱਖ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਸਿੱਖ ਧਰਮ ਤੇ ਸਿੱਖ ਕੌਮ ਨਾਲ ਕਮਾਏ ਜਾ ਰਹੇ ਵੈਰ ਅਤੇ ਸਿੱਖ ਕੌਮ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਸਰਬੱਤ ਖਾਲਸਾ ਦੁਆਰਾ ਲਏ ਗਏ ਫੈਸਲਿਆਂ ਨੂੰ ਸਹੀ ਦੱਸਦਿਆਂ ਹੋਇਆਂ ਤਾਕਤ ਦੇ ਜ਼ੋਰ ਨੂੰ ਬਦਲਣ ਦੀ ਅਪੀਲ ਕੀਤੀ। ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦਾ ਕਤਲੇਆਮ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਡਿਊਟੀ ਸਿੱਖਾਂ ਦੀ ਹਿਫਾਜ਼ਤ ਕਰਨ ਲਈ ਲੱਗੀ ਹੋਈ ਹੈ ਅਤੇ ਜਿਨ੍ਹਾਂ ਨੂੰ ਇਸ ਦੇ ਲਈ ਤਨਖਾਹ ਦਿੱਤੀ ਜਾਂਦੀ ਹੈ। ਇਕ ਮਤਾ ਪਾਸ ਕੀਤਾ ਗਿਆ, ਜਿਸ ਰਾਹੀਂ ਆਉਣ ਵਾਲੇ ਕੁਝ ਦਿਨਾਂ ਵਿਚ ਸਾਰੇ ਗੁਰਦੁਆਰੇ ਅਤੇ ਜਥੇਬੰਦੀਆਂ ਰਲ ਕੇ ਅਮਰੀਕਾ ਦੇ ਕਾਂਗਰਸਮੈਨਾਂ, ਸੈਨੇਟਰਾਂ, ਅਤੇ ਸਟੇਟ ਡਿਪਾਰਟਮੈਂਟ ਨੂੰ ਮਿਲ ਕੇ ਬਾਦਲ ਸਰਕਾਰ ਦੇ ਵਜ਼ੀਰਾਂ ਅਤੇ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਲਿਸਟਾਂ ਸੌਂਪਣਗੇ, ਤਾਂਕਿ ਇਨ੍ਹਾਂ ਦੀ ਅਮਰੀਕਾ ਆਉਣ ‘ਤੇ ਮੁਕੰਮਲ ਰੋਕ ਲਗਾਈ ਜਾ ਸਕੇ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਵਿਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕਮੂਤੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਗਿਆ ਅਤੇ ਜਥੇਦਾਰਾਂ ਨੂੰ ਰਿਹਾਅ ਕਰਨ ਦੀ ਵੀ ਆਵਾਜ਼ ਉੱਠੀ। ਇਸ ਰੋਸ ਮੁਜ਼ਾਹਰੇ ਨੂੰ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਜੰਡੀ, ਜੌਹਨ ਸਿੰਘ ਗਿੱਲ, ਕੁਲਜੀਤ ਸਿੰਘ ਨਿੱਝਰ, ਸੰਦੀਪ ਸਿੰਘ ਜੈਂਟੀ, ਸੁਖਦੇਵ ਸਿੰਘ ਬੈਨੀਵਾਲ, ਬਲਵਿੰਦਰਪਾਲ ਸਿੰਘ ਖਾਲਸਾ, ਪੁਨੀਤ ਕੌਰ ਖਾਲਸਾ, ਜਸਦੀਪ ਕੌਰ, ਬਲਕੀਰਤ ਕੌਰ, ਮਨਜੀਤ ਸਿੰਘ ਉੱਪਲ, ਪ੍ਰੀਤਮ ਸਿੰਘ ਜੋਗਾਨੰਗਲ, ਹਰਮਿੰਦਰ ਸਿੰਘ ਸਮਾਣਾ, ਭਾਈ ਗੁਰਮੀਤ ਸਿੰਘ ਖਾਲਸਾ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ ਲਵਲਾ, ਦਰਸ਼ਨ ਸਿੰਘ ਸੰਧੂ, ਡਾ. ਗੁਰਤੇਜ ਸਿੰਘ ਚੀਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ‘ਤੇ ਸਿੱਖਾਂ ਦੀਆਂ ਮੰਗਾਂ ਬਾਰੇ ਇਕ ਮੈਮੋਰੰਡਮ ਤਿਆਰ ਕੀਤਾ ਗਿਆ, ਜਿਸ ਵਿਚ ਪੰਜਾਬ ਦੀ ਮੌਜੂਦਾ ਵਿਸਫੋਟਕ ਸਥਿਤੀ ਬਾਰੇ ਅਮਰੀਕਾ ਦੀ ਸਰਕਾਰ ਨੂੰ ਜਾਣਕਾਰੀ ਦਿੱਤੀ ਗਈ। ਇਹ ਮੈਮੋਰੰਡਮ ਕੁਝ ਆਗੂਆਂ ਵੱਲੋਂ ਕੈਲੀਫੋਰਨੀਆ ਦੇ ਉੱਚ ਅਧਿਕਾਰੀਆਂ ਅਤੇ ਆਗੂਆਂ ਨੂੰ ਦਿੱਤੇ ਗਏ।
There are no comments at the moment, do you want to add one?
Write a comment