ਕੈਲੀਫੋਰਨੀਆ ਦੀਆਂ ਜੇਲ੍ਹਾਂ ‘ਚ ਕੈਦੀਆਂ ਦੀ ਗਿਣਤੀ ਘਟਣ ਕਾਰਨ 5 ਜੇਲ੍ਹਾਂ ਨੂੰ ਬੰਦ ਕਰਨ ਦੀ ਮੰਗ

50
Share

ਫਰਿਜ਼ਨੋ, 22 ਨਵੰਬਰ (ਮਾਛੀਕੇ/ਪੰਜਾਬ ਮੇਲ)- ਕੈਲੀਫੋਰਨੀਆ ਦੇ ਲੈਜਿਸਟੇਟਿਵ ਐਨਾਲਿਸਟ ਦਫ਼ਤਰ ਨੇ ਸਿਫਾਰਸ਼ ਕੀਤੀ ਹੈ ਕਿ ਸੂਬੇ ਵਿਚ ਕੈਦੀਆਂ ਦੀ ਗਿਣਤੀ ਘੱਟ ਹੋਣ ਅਤੇ ਆਰਥਿਕ ਬੱਚਤ ਹਾਸਲ ਕਰਨ ਲਈ ਸੂਬੇ ਵਿਚ ਜੇਲ੍ਹਾਂ ਬੰਦ ਕਰਨੀਆਂ ਚਾਹੀਦੀਆਂ ਹਨ।
ਇਕ ਰਿਪੋਰਟ ਅਨੁਸਾਰ ਪੰਜ ਬਾਲਗ ਜੇਲ੍ਹਾਂ ਨੂੰ ਬੰਦ ਕਰਨ ਨਾਲ 2025 ਤੱਕ ਸੂਬੇ ਨੂੰ ਹਰ ਸਾਲ 1.5 ਬਿਲੀਅਨ ਡਾਲਰ ਦੀ ਬੱਚਤ ਹੋਵੇਗੀ। ਕੈਦੀ ਆਬਾਦੀ ਦੇ ਅੰਕੜਿਆਂ ਦੇ ਆਧਾਰ ‘ਤੇ ਇਹ ਸਿਫਾਰਸ਼ ਇਸ ਸਾਲ ਦੇ ਸ਼ੁਰੂ ਵਿਚ ਗਵਰਨਰ ਗੈਵਿਨ ਨਿਊਸਮ ਦੇ ਦੋ ਸੂਬਾਈ ਜੇਲ੍ਹਾਂ ਨੂੰ ਬੰਦ ਕਰਨ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਆਈ ਹੈ। ਇਨ੍ਹਾਂ ਵਿਚ ਇਕ ਟਰੇਸੀ ਦੀ ਡੀਯੂਲ ਵੋਕੇਸ਼ਨਲ ਸੰਸਥਾ ਹੈ, ਜਿਸ ਨੂੰ ਸੁਧਾਰ ਵਿਭਾਗ ਸਤੰਬਰ ‘ਚ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸੂਬੇ ਦੀਆਂ 35 ਜੇਲ੍ਹਾਂ ਵਿਚ ਕੋਰੋਨਾਵਾਇਰਸ ਦੇ ਆਉਣ ਨਾਲ 21 ਫੀਸਦੀ ਕੈਦੀ ਘਟੇ ਹਨ। ਇਕ ਰਿਪੋਰਟ ਅਨੁਸਾਰ ਅਕਤੂਬਰ ਅਖੀਰ ਤੱਕ ਕੈਦੀਆਂ ਦੀ ਗਿਣਤੀ ਘੱਟ ਕੇ 97,700 ਹੋ ਗਈ ਸੀ ਕਿਉਂਕਿ ਸੁਧਾਰ ਵਿਭਾਗ ਨੇ ਲਗਭਗ 25,000 ਅਹਿੰਸਕ ਕੈਦੀਆਂ ਨੂੰ ਰਿਹਾਅ ਕੀਤਾ ਹੈ, ਜਦਕਿ ਮਹਾਮਾਰੀ ਦੌਰਾਨ ਅਪਰਾਧ ਵਿਚ ਵੀ ਗਿਰਾਵਟ ਆਈ ਹੈ।
ਸੂਬਾ ਜੇਲ੍ਹ ਸੁਧਾਰਾਂ ‘ਤੇ ਹਰ ਸਾਲ 16 ਬਿਲੀਅਨ ਡਾਲਰ ਖਰਚ ਕਰਦਾ ਹੈ ਅਤੇ ਇਸ ਸਾਲ ਸੁਧਾਰ ਅਤੇ ਮੁੜ ਵਸੇਵੇਂ ਵਿਭਾਗ ਦਾ ਬਜਟ 13.4 ਬਿਲੀਅਨ ਡਾਲਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਤਬਦੀਲੀ ਦੇ ਸੂਬੇ ਦਾ ਜੇਲ੍ਹ ਪ੍ਰਤੀ ਖਰਚਾ ਵੱਧਦਾ ਰਹੇਗਾ, ਜੋ ਕਿ ਵੱਡੇ ਪੱਧਰ ‘ਤੇ ਕਰਮਚਾਰੀਆਂ ਦੇ ਮੁਆਵਜ਼ੇ ਦੇ ਖਰਚਿਆਂ ਨਾਲ ਚਲਾਇਆ ਜਾਂਦਾ ਹੈ। ਇਕ ਜੇਲ੍ਹ ਸੰਸਥਾ ਨੂੰ ਬੰਦ ਕਰਨਾ ਸਿਸਟਮ ਦੇ ਅੰਦਰ ਬਹੁਤ ਸਾਰਾ ਪੈਸਾ ਬਚਾਉਣ ਦੇ ਕੁੱਝ ਤਰੀਕਿਆਂ ਵਿਚੋਂ ਇਕ ਹੈ। ਸੂਬੇ ਵਲੋਂ ਜਾਰੀ ਇਕ ਅਧਿਐਨ ਅਨੁਸਾਰ 12 ਸਭ ਤੋਂ ਪੁਰਾਣੀਆਂ ਜੇਲ੍ਹਾਂ ਨੂੰ 11 ਬਿਲੀਅਨ ਡਾਲਰ ਦੀ ਮੁਰੰਮਤ ਦੀ ਜ਼ਰੂਰਤ ਹੈ, ਜਦੋਂ ਕਿ ਬਾਕੀ 22 ਜੇਲ੍ਹਾਂ ਨੂੰ 8 ਬਿਲੀਅਨ ਡਾਲਰ ਦੇ ਕੰਮ ਦੀ ਜ਼ਰੂਰਤ ਹੈ।


Share