ਕੈਲੀਫੋਰਨੀਆ ‘ਚ ਜਾਰੀ ਹੋਣਗੇ ‘ਸਟੇਅ ਐਟ ਹੋਮ’ ਦੇ ਹੁਕਮ: ਗਵਰਨਰ ਨਿਊਸਮ

107
Share

ਫਰਿਜ਼ਨੋ, 5 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆਂ ‘ਚ ਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਕਰਕੇ ਹਸਪਤਾਲਾਂ ‘ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋ ਰਿਹਾ ਹੈ। ਇਨ੍ਹਾਂ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਇੱਕ ਨਵਾਂ ਖੇਤਰੀ ‘ਸਟੇਅ ਐਟ ਹੋਮ’ ਦਾ ਆਦੇਸ਼ ਪੇਸ਼ ਕੀਤਾ ਹੈ, ਕਿਉਂਕਿ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ ਵਧਣ ਕਾਰਨ ਰਾਜ ਦੇ ਜ਼ਿਆਦਾਤਰ ਹਸਪਤਾਲਾਂ ਵਿਚ ਗੰਭੀਰ ਦੇਖਭਾਲ ਦੇ ਬਿਸਤਰਿਆਂ ਦੀ ਘਾਟ ਹੋ ਸਕਦੀ ਹੈ। ਨਿਊਸਮ ਅਨੁਸਾਰ ਜੇਕਰ ਕਿਸੇ ਖੇਤਰ ਵਿਚ ਹਸਪਤਾਲਾਂ ‘ਚ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਦੀ ਸਮਰੱਥਾ 15 ਪ੍ਰਤੀਸ਼ਤ ਤੋਂ ਹੇਠਾਂ ਆ ਜਾਂਦੀ ਹੈ, ਤਾਂ ਇਹ ਆਦੇਸ਼ ਖੇਤਰ ਦੁਆਰਾ ਲਾਗੂ ਕੀਤਾ ਜਾਵੇਗਾ। ਜਿਸ ਤਹਿਤ ਬਾਰਾਂ, ਬਾਲ ਸੈਲੂਨ ਅਤੇ ਹੋਰ ਜ਼ਰੂਰੀ ਕਾਰੋਬਾਰਾਂ ਨੂੰ ਤਕਰੀਬਨ ਤਿੰਨ ਹਫਤਿਆਂ ਲਈ ਬੰਦ ਕਰਨ ਦੀ ਜ਼ਰੂਰਤ ਹੋਵੇਗੀ, ਜਦਕਿ ਰਾਜ ਵਿਚਕਾਰ ਯਾਤਰਾ ਵੀ ਅਸਥਾਈ ਤੌਰ ‘ਤੇ ਰੋਕ ਦਿੱਤੀ ਜਾਵੇਗੀ, ਪਰ ਇਸ ਦੌਰਾਨ ਸਕੂਲ ਖੁੱਲ੍ਹੇ ਰਹਿਣਗੇ। ਇਸ ਦੇ ਇਲਾਵਾ ਰੈਸਟੋਰੈਂਟ ਟੈਕਆਊਟ ਅਤੇ ਸਪੁਰਦਗੀ ਦੀ ਸੇਵਾ ਜਾਰੀ ਰੱਖ ਸਕਦੇ ਹਨ, ਜਦਕਿ ਪ੍ਰਚੂਨ ਦੀਆਂ ਦੁਕਾਨਾਂ 20 ਪ੍ਰਤੀਸ਼ਤ ਇਕੱਠ ਦੀ ਸਮਰੱਥਾ ‘ਤੇ ਕੰਮ ਕਰ ਸਕਦੀਆਂ ਹਨ। ਗਵਰਨਰ ਅਨੁਸਾਰ ਪ੍ਰਾਂਤ ਦੇ ਪੰਜਾਂ ਵਿਚੋਂ ਚਾਰ ਖੇਤਰਾਂ ਦੀ ਕੁੱਝ ਦਿਨਾਂ ਦੇ ਅੰਦਰ ਹੀ 15 ਪ੍ਰਤੀਸ਼ਤ ਦੇ ਥ੍ਰੈਸ਼ਹੋਲਡ ਤੋਂ ਹੇਠਾਂ ਆਉਣ ਦੀ ਉਮੀਦ ਹੈ, ਜਦਕਿ ਸਿਰਫ ਸਾਨ ਫਰਾਂਸਿਸਕੋ ਬੇਅ ਖੇਤਰ ਬਾਅਦ ਵਿਚ ਇਸ ਸਥਿਤੀ ਦਾ ਸਾਹਮਣਾ ਕਰ ਸਕਦਾ ਹੈ। ਪਿਛਲੇ ਦੋ ਹਫਤਿਆਂ ਦੌਰਾਨ, ਕੈਲੀਫੋਰਨੀਆ ‘ਚ ਦੇਸ਼ ਵਿਚ ਨਵੇਂ ਮਾਮਲਿਆਂ ‘ਚ ਇਕ ਮਹੱਤਵਪੂਰਨ ਵਾਧਾ ਹੋਇਆ ਹੈ। ਅੰਕੜੇ ਦਰਸਾਉਂਦੇ ਹਨ ਕਿ ਨਵੇਂ ਕੇਸਾਂ ਵਿਚ 84 ਪ੍ਰਤੀਸ਼ਤ ਵਾਧਾ ਹੋਇਆ ਹੈ। ਵਾਇਰਸ ਸੰਬੰਧੀ ਰਾਜ ਦੇ ਅੰਕੜੇ ਦਰਸਾਉਂਦੇ ਹਨ ਕਿ ਮੰਗਲਵਾਰ ਨੂੰ ਕੈਲੀਫੋਰਨੀਆਂ ਵਿਚ 20,000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਲਗਭਗ 10,000 ਲੋਕ ਹਸਪਤਾਲਾਂ ‘ਚ ਦਾਖਲ ਹਨ, ਜਿਨ੍ਹਾਂ ਵਿਚੋਂ ਤਕਰੀਬਨ 2,100 ਤੋਂ ਵੱਧ ਗੰਭੀਰ ਦੇਖਭਾਲ ਵਾਲੇ ਹਨ। ਇਸਦੇ ਨਾਲ ਹੀ ਪਿਛਲੇ 48 ਘੰਟਿਆਂ ਵਿਚ ਕੋਰੋਨਾਵਾਇਰਸ ਕਰਕੇ 220 ਤੋਂ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।


Share