ਕੈਲੀਫੋਰਨੀਆਂ ਨੇ ਛੂਹਿਆ ਕੋਰੋਨਾਂ ਵਾਇਰਸ ਦੇ 2 ਮਿਲੀਅਨ ਪੁਸ਼ਟੀ ਕੀਤੇ ਕੇਸਾਂ ਦਾ ਅੰਕੜਾ

84
Share

ਫਰਿਜ਼ਨੋ, 24 ਦਸੰਬਰ (ਮਾਛੀਕੇ/ ਧਾਲੀਆਂ/ਪੰਜਾਬ ਮੇਲ)-  ਅਮਰੀਕੀ ਸੂਬੇ ਕੈਲੀਫੋਰਨੀਆਂ ਵਿੱਚ ਵਾਇਰਸ ਦੀ ਲਾਗ “ਚ ਹੋ ਰਹੇ ਲਗਾਤਾਰ ਵਾਧੇ ਨੇ ਪ੍ਰਸ਼ਾਸਨ ਨੂੰ ਵੱਡੀ ਮੁਸੀਬਤ ਵਿੱਚ ਪਾਇਆ ਹੋਇਆ ਹੈ। ਇਸ ਪ੍ਰਾਂਤ ਵਿੱਚ ਕੋਰੋਨਾਂ ਵਾਇਰਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਦੋ ਮਿਲੀਅਨ ਤੱਕ ਪਹੁੰਚ ਗਈ ਹੈ ਅਤੇ ਇਸ ਪੱਧਰ ਤੇ ਪਹੁੰਚਣ ਵਾਲਾ ਇਹ ਪਹਿਲਾ ਸੂਬਾ ਬਣ ਗਿਆ ਹੈ।ਜਾਨਸ ਹਾਪਕਿੰਸ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2,010,157 ਲਾਗ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ 23,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ।ਸਿਹਤ ਅਧਿਕਾਰੀਆਂ ਅਨੁਸਾਰ ਰਾਜ ਵਿੱਚ ਵਾਇਰਸ ਦੀ ਵਧੀ ਲਾਗ ਪਿੱਛੇ ਲੋਕਾਂ ਦੁਆਰਾ ਕੀਤੀ ਅਣਗਹਿਲੀ ਅਤੇ ਥੈਂਕਸਗਿਵਿੰਗ ਵਰਗੇ ਤਿਉਹਾਰਾਂ ਮੌਕੇ ਕੀਤੇ ਇਕੱਠਾਂ ਦੀ ਲਾਪ੍ਰਵਾਹੀ ਹੈ। ਇਸ ਲਗਾਤਾਰ ਹੋਏ ਵਾਧੇ ਨਾਲ ਤਕਰੀਬਨ 18,000 ਤੋਂ ਵੱਧ ਲੋਕ ਹਸਪਤਾਲਾਂ ਵਿੱਚ ਦਾਖਲ ਹਨ । ਹਸਪਤਾਲਾਂ ਵਿੱਚ ਦਾਖਲ ਹੋਣ ਦੀਆਂ ਦਰਾਂ ਤੇ ਮੌਤਾਂ ਨੇ ਗੰਭੀਰ ਦੇਖਭਾਲ ਯੂਨਿਟਾਂ ਨੂੰ ਵੀ ਸਮਰੱਥਾ ਤੋਂ ਬਾਹਰ ਕਰ ਦਿੱਤਾ ਹੈ ਅਤੇ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਹੋਰ ਸੰਬੰਧਿਤ ਥਾਵਾਂ ਤੇ ਮਰੀਜ਼ਾਂ ਦੇ ਇਲਾਜ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਾਇਰਸ ਦੇ ਮੱਦੇਨਜ਼ਰ ਲੱਗਭਗ ਪੂਰਾ ਰਾਜ ਇੱਕ ਸਟੇ ਐਟ ਹੋਮ ਆਰਡਰ ਦੇ ਅਧੀਨ ਹੈ ਅਤੇ ਬਹੁਤ ਸਾਰੇ ਕਾਰੋਬਾਰ ਬੰਦ ਕਰਨ ਦੇ ਨਾਲ ਜ਼ਿਆਦਾਤਰ ਪ੍ਰਚੂਨ ਸਹੂਲਤਾਂ ਨੂੰ 20% ਦੀ ਸਮਰੱਥਾ ਤੇ ਸੀਮਤ ਕੀਤਾ ਗਿਆ ਹੈ ਜਦਕਿ ਰੈਸਟੋਰੈਂਟ ਸਿਰਫ ਟੇਕਆਉਟ ਦੀ ਸੇਵਾ ਪ੍ਰਦਾਨ  ਕਰ ਸਕਦੇ ਹਨ। ਕੈਲੀਫੋਰਨੀਆਂ ਵਿੱਚ ਬੁੱਧਵਾਰ ਨੂੰ 361 ਮੌਤਾਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਦਰਜ ਕੀਤੀ ਗਈ ਅਤੇ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਵੀ ਕੋਰੋਨਾਂ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਿਰਫ ਤਿੰਨ ਹਫ਼ਤਿਆਂ ਵਿੱਚ ਹੀ ਤਕਰੀਬਨ ਦੁੱਗਣੀ ਹੋ ਕੇ 3,827 ਤੱਕ ਪਹੁੰਚ ਗਈ ਹੈ, ਜਦੋਂ ਕਿ ਰਾਜ ਦੀ ਆਈ ਸੀ ਯੂ ਦੀ ਸਮਰੱਥਾ ਘਟ ਕੇ 1.1% ਰਹਿ ਗਈ  ਹੈ ਜਿਹੜੀ ਕਿ ਦੋ ਦਿਨ ਪਹਿਲਾਂ 2.5 ਤੋਂ ਹੇਠਾਂ ਆਈ ਹੈ। ਇਸਦੇ ਇਲਾਵਾ ਇੱਕ ਦਿਨ ਵਿੱਚ 605 ਨਵੇਂ ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਨਾਲ  ਇਹ ਗਿਣਤੀ 1ਦਸੰਬਰ ਤੋਂ ਵੱਧ ਕੇ 18,828 ਤੱਕ ਪਹੁੰਚ ਗਈ ਹੈ।

Share