ਕੈਲੀਫੋਰਨੀਆਂ ‘ਚ ਭਾਰਤ ਅੰਦਰ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਖ਼ਿਲਾਫ਼ ਜ਼ਬਰਦਸਤ ਰੋਡ ਸ਼ੋਅ

262
Share

ਫਰਿਜ਼ਨੋ, 7 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਭਾਰਤ ਅੰਦਰ ਕਾਲੇ ਕਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਦੁਨੀਆਂ ਭਰ ਵਿਚ ਲਗਾਤਾਰ ਧਰਨੇ ਮੁਜ਼ਾਹਰੇ ਹੋ ਰਹੇ ਹਨ। ਇਸੇ ਕੜੀ ਤਹਿਤ ਕੈਲੀਫੋਰਨੀਆਂ ਦੇ ਬੇ-ਏਰੀਏ ਵਿਚ ਪੰਜਾਬੀਆਂ ਨੇ ਇੱਕ ਵਿਸ਼ਾਲ ਟਰੱਕ ਐਂਡ ਕਾਰ ਰੋਡ ਸ਼ੋਅ ਦਾ ਆਯੋਜਨ ਕੀਤਾ ਤੇ ਪੰਜਾਬੀ ਭਾਈਚਾਰੇ ਨੇ ਇਸ ਰੈਲੀ ਵਿਚ ਵੱਧ-ਚੜ੍ਹਕੇ ਹਿੱਸਾ ਲਿਆ। ਬੇਕਰਸਫੀਲਡ, ਫਰਿਜ਼ਨੋ ਤੋ ਲੈ ਕੇ ਯੂਬਾ ਸਿਟੀ, ਸੈਕਰਾਮੈਂਟੋ ਦੇ ਪੰਜਾਬੀਆਂ ਨੇ ਹਜ਼ਾਰਾਂ ਕਾਰਾਂ ਦੇ ਕਾਫ਼ਲੇ ਨਾਲ ਇਸ ਰੋਡ ਸ਼ੋਅ ਨੂੰ ਕਾਮਯਾਬ ਬਣਾਇਆ। ਸੂਤਰਾਂ ਦੀ ਮੰਨੀਏ, ਤਾਂ ਇਸ ਰੋਡ ਸ਼ੋਅ ਵਿਚ ਤਕਰੀਬਨ ਤੇਰਾਂ ਤੋਂ ਪੰਦਰਾਂ ਹਜ਼ਾਰ ਲੋਕਾਂ ਨੇ ਭਾਗ ਲਿਆ। ਇਹ ਰੋਡ ਸ਼ੋਅ ਓਕਲੈਂਡ ਦੇ ਸ਼ੋਰਲਾਈਨ ਪਾਰਕ ਤੋਂ ਸ਼ੁਰੂ ਹੋਇਆ ਅਤੇ ਸਾਨਫਰਾਂਸਿਸਕੋ ਇੰਡੀਅਨ ਅੰਬੈਸੀ ਦੇ ਅੱਗੋਂ ਲੰਘਦਾ ਫਿਰ ਬੇ ਬ੍ਰਿਜ ਰਾਹੀਂ ਵਾਪਸ ਓਕਲੈਂਡ ਆਇਆ, ਜਿੱਥੇ ਇਸ ਸਫਲ ਰੋਡ ਸ਼ੋਅ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਸੀਂ ਤਨੋਂ, ਮਨੋਂ, ਧਨੋਂ ਪੰਜਾਬ-ਭਾਰਤ ਦੇ ਕਿਸਾਨਾਂ ਨਾਲ ਖੜ੍ਹੇ ਹਾਂ ਅਤੇ ਭਾਰਤ ਸਰਕਾਰ ਦੇ ਇਹ ਤਿੰਨੇ ਕਾਨੂੰਨਾਂ ਦਾ ਡੱਟਕੇ ਵਿਰੋਧ ਕਰਦੇ ਹਾਂ। ਇਸ ਰੋਡ ਸ਼ੋਅ ਲਈ ਸੱਦਾ ਜੈਕਾਰਾ ਮੂਵਮੈਂਟ ਦੇ ਨੌਜਵਾਨ ਬੱਚੇ ਬੱਚੀਆਂ ਵੱਲੋਂ ਦਿੱਤਾ ਗਿਆ ਸੀ ਅਤੇ ਇਸ ਸਫਲ ਰੋਡ ਸ਼ੋਅ ਲਈ ਜੈਕਾਰਾਂ ਮੂਵਮੈਂਟ ਦੇ ਨੌਜਵਾਨ ਵਧਾਈ ਦੇ ਪਾਤਰ ਹਨ। ਪੰਜਾਬੀ ਕਲਚਰਲ ਐਸੋਸੀਏਸ਼ਨ ਬੇ-ਏਰੀਆ, ਸੰਦੀਪ ਸਿੰਘ ਜੰਟੀ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਇਸ ਈਵੈਂਟ ਨੂੰ ਕਾਮਯਾਬ ਲਈ ਦਿਨ-ਰਾਤ ਇੱਕ ਕਰ ਦਿੱਤਾ। ਇਸ ਮੌਕੇ ਸਮਰਾਟ ਰੈਸਟੋਰੈਂਟ, ਪੀ.ਸੀ.ਏ. ਮੈਂਬਰ ਮਿੱਕੀ ਸਰਾਂ ਅਤੇ ਸਾਥੀਆਂ ਵੱਲੋਂ ਲੰਗਰ ਅਤੁੱਟ ਵਰਤਾਏ ਗਏ। ਕੈਲੀਫੋਰਨੀਆਂ ਦੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਪੋਰਟਸ ਕਲੱਬਾਂ, ਟਰੱਕਿੰਗ ਕੰਪਨੀਆਂ, ਸਮੂਹ ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਦਾ ਇਸ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਵੀ ਵੱਡਾ ਯੋਗਦਾਨ ਰਿਹਾ। ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਲੇ ਕਾਨੂੰਨਾਂ ਦੀ ਰੱਜ ਕੇ ਨਿੰਦਿਆ ਕੀਤੀ। ਲੋਕਾਂ ਨੇ ਗੱਡੀਆਂ ‘ਤੇ ਕਿਸਾਨਾਂ ਦੇ ਹੱਕ ਵਿਚ ਵੱਡੇ ਝੰਡੇ ਅਤੇ ਸਟਿੱਕਰ ਲਾਏ ਹੋਏ ਸਨ। ਇਸ ਰੋਡ ਸ਼ੋਅ ਦੌਰਾਨ ਪੰਜਾਬੀ ਪੰਜਾਬੀਅਤ ਅਤੇ ਸਿੱਖੀ ਦੇ ਰੰਗ ਵਿਚ ਰੰਗੇ ਇੱਕ ਵੱਖਰੇ ਜੋਸ਼ ਵਿਚ ਗੜੁੱਚ ਨਜ਼ਰੀਂ ਆਏ।


Share