ਕੈਲਗਰੀ ਦੇ 9 ਸਕੂਲਾਂ ‘ਚ ਕੋਰੋਨਾ ਮਾਮਲਿਆਂ ਦੀ ਪੁਸ਼ਟੀ

84
Share

ਕੈਲਗਰੀ, 10 ਸਤੰਬਰ (ਪੰਜਾਬ ਮੇਲ)-ਅਲਬਰਟਾ ਦੇ ਸਕੂਲ ਖੁੱਲ੍ਹਣ ਦੇ ਦੂਜੇ ਹਫਤੇ ਹੀ ਕੋਰੋਨਾ ਵਾਇਰਸ ਦੇ ਮਾਮਲੇ ਵੀ ਵਧ ਰਹੇ ਹਨ, ਜਿਸ ਕਾਰਨ ਬੱਚਿਆਂ ਵਿਚ ਡਰ ਤੇ ਮਾਪਿਆਂ ਵਿਚ ਚਿੰਤਾ ਵੀ ਪੈਦਾ ਹੋ ਗਈ ਹੈ। ਉੱਥੇ ਹੀ, ਪੰਜਾਬੀਆਂ ਦੇ ਗੜ੍ਹ ਕੈਲਗਰੀ ਦੇ 9 ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਸੇ ਵੀ ਸਕੂਲ ਵਿਚ ਕੋਰੋਨਾ ਦਾ ਮਾਮਲਾ ਸਾਹਮਣੇ ਆਉਣ ‘ਤੇ ਸਕੂਲ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰਨਾ ਪੈਂਦਾ ਹੈ।
ਕੈਲਗਰੀ ਕੈਥੋਲਿਕ ਸਕੂਲ ਡਿਸਟ੍ਰਿਕਟ (ਸੀ. ਸੀ. ਐੱਸ. ਡੀ.) ਅਨੁਸਾਰ, ਮੰਗਲਵਾਰ ਤੱਕ 5 ਸਕੂਲ ਅਲਰਟ ਦੀ ਸਥਿਤੀ ਵਿਚ ਸਨ, ਇਨ੍ਹਾਂ ਵਿਚ ਸੈਂਟ ਐਂਜੇਲਾ ਐਲੀਮੈਂਟਰੀ, ਡਿਵਾਈਨ ਮਰਸੀ ਐਲੀਮੈਂਟਰੀ, ਨੋਟਰੇ ਡੈਮ ਹਾਈ ਸਕੂਲ, ਸੈਂਟ ਵਿਲਫ੍ਰਿਡ ਐਲੀਮੈਂਟਰੀ ਸਕੂਲ ਅਤੇ ਸੈਂਟ ਫ੍ਰਾਂਸਿਸ ਹਾਈ ਸਕੂਲ ਹਨ। ਸੀ. ਸੀ. ਐੱਸ. ਡੀ. ਮੁਤਾਬਕ ਇਹ ਸਾਰੇ ਮਾਮਲੇ ਵਿਦਿਆਰਥੀਆਂ ਵਿਚ ਪੁਸ਼ਟੀ ਹੋਏ ਸਨ।
ਇਸ ਤੋਂ ਇਲਾਵਾ ਕੈਲਗਰੀ ਸਿੱਖਿਆ ਬੋਰਡ ਦੇ ਚਾਰ ਸਕੂਲ ਕੈਨਿਯਨ ਮੀਡੋਜ਼ ਸਕੂਲ, ਬਾਊਨੈਸ ਹਾਈ ਸਕੂਲ, ਲੈਸਟਰ ਬੀ. ਪੀਅਰਸਨ ਹਾਈ ਸਕੂਲ ਅਤੇ ਬ੍ਰਾਈਡਲਵੁੱਡ ਸਕੂਲ ਮੰਗਲਵਾਰ ਨੂੰ ਅਲਰਟ ਦੀ ਸਥਿਤੀ ਵਿਚ ਸਨ ਅਤੇ ਹਰੇਕ ਵਿਚ ਕੋਰੋਨਾ ਦਾ ਇਕ-ਇਕ ਮਾਮਲਾ ਸੀ। ਹਾਲਾਂਕਿ, ਸਕੂਲ ਬੋਰਡ ਨੇ ਇਹ ਨਹੀਂ ਦੱਸਿਆ ਕਿ ਇਹ ਮਾਮਲੇ ਵਿਦਿਆਰਥੀਆਂ ਜਾਂ ਸਟਾਫ ਮੈਂਬਰਾਂ ਵਿਚ ਸਨ।


Share