ਕੈਪੀਟਲ ਹਿੱਲ ਸਾਜਿਸ਼ ਮਾਮਲੇ ‘ਚ 6 ਹੋਰ ਦੋਸ਼ੀ ਨਾਮਜ਼ਦ

80
Share

ਸੈਕਰਾਮੈਂਟੋ, 21 ਫਰਵਰੀ (ਪੰਜਾਬ ਮੇਲ)- ਸੰਘੀ ਵਕੀਲਾਂ ਨੇ ਕੈਪੀਟਲ ਹਿੱਲ ਹਮਲੇ ਦੀ ਸਾਜਿਸ਼ ਵਿਚ 6 ਹੋਰ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਨੇ ‘ਪੈਰਾ ਮਿਲਟਰੀ ਓਥ ਕੀਪਰਜ਼ ਗਰੁੱਪ’ ਨਾਲ ਤਾਲਮੇਲ ਕਰਕੇ 6 ਜਨਵਰੀ ਨੂੰ ਕੈਪੀਟਲ ਹਿੱਲ ਉਪਰ ਹੋਏ ਹਮਲੇ ਵਿਚ ਕਥਿਤ ਭੂਮਿਕਾ ਨਿਭਾਈ | ਸੰਘੀ ਵਕੀਲਾਂ ਅਨੁਸਾਰ ਇਕ ਸ਼ੱਕੀ ਦੋਸ਼ੀ ਫਲੋਰੀਡਾ ਦਾ ਰਹਿਣ ਵਾਲਾ ਕੈਲੀ ਮੈਗਸ (52) ਹੈ ਜਿਸ ਨੇ ਫੇਸਬੁੱਕ ਉਪਰ ਚਲਾਈ ਮੁਹਿੰਮ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੱਧੇ ਤੌਰ ‘ਤੇ ਨਾਂਅ ਲੈ ਕੇ ਲੋਕਾਂ ਨੂੰ 6 ਜਨਵਰੀ ਨੂੰ ਵਾਸ਼ਿੰਗਟਨ ਵਿਚ ਪ੍ਰਦਰਸ਼ਨ ਲਈ ਪਹੁੰਚਣ ਦਾ ਸੱਦਾ ਦਿੱਤਾ | ਮੈਗਸ ਨੇ ਫੇਸਬੁੱਕ ਉਪਰ ਲਿਖਿਆ ਕਿ ਟਰੰਪ ਨੇ ਪ੍ਰਚੰਡ ਪ੍ਰਦਰਸ਼ਨ ਕਰਨ ਲਈ ਕਿਹਾ ਹੈ, ਉਹ ਚਾਹੁੰਦਾ ਹੈ ਕਿ ਅਸੀਂ ਹਿੰਸਕ ਹੋਈਏ, ਉਸ ਨੇ ਸਾਨੂੰ ਰਾਜਧਾਨੀ ਵਿਚ ਪੁੱਜਣ ਲਈ ਕਿਹਾ ਹੈ | ਜ਼ਿਕਰਯੋਗ ਹੈ ਕਿ ਓਥ ਕੀਪਰਜ਼ ਗਰੁੱਪ ਮੌਜੂਦਾ ਤੇ ਸਾਬਕਾ ਫੌਜੀਆਂ, ਲਾਅ ਇਨਫੋਰਸਮੈਂਟ ਤੇ ਹੋਰ ਸੁਰੱਖਿਆ ਅਮਲੇ ਦੀ ਭਰਤੀ ਕਰਨ ਲਈ ਜਾਣਿਆ ਜਾਂਦਾ ਹੈ | ਹਮਲੇ ਵਾਲੇ ਦਿਨ ਸੰਘੀ ਵਕੀਲਾਂ ਨੇ ਓਥ ਗਰੁੱਪ ਦੇ 8 ਮੈਂਬਰਾਂ ਵਿਰੁੱਧ ਦੋਸ਼ ਆਇਦ ਕੀਤੇ ਸਨ | ਨਵੇਂ ਨਾਮਜ਼ਦ ਕੀਤੇ ਦੋਸ਼ੀਆਂ ਵਿਚ ਮੈਗਸ ਤੋਂ ਇਲਾਵਾ ਉਸ ਦੀ ਪਤਨੀ ਕੋਨੀ ਮੈਗਸ (59), ਉਤਰੀ ਕੈਰੋਲੀਨਾ ਵਾਸੀ ਲੌਰਾ ਸਟੀਲ (52), ਗਰੇਡੌਨ ਯੰਗ 54 ਫਲੋਰੀਡਾ, ਓਹੀਓ ਵਾਸੀ ਬੈਨੀ ਪਾਰਕਰ ਤੇ ਉਸ ਦੀ ਪਤਨੀ ਸਾਂਡਰਾ ਪਾਰਕਰ (60) ਸ਼ਾਮਿਲ ਹਨ |


Share