ਕੈਪਟਨ ਵੱਲੋਂ ਹਰਜੀਤ ਸਿੰਘ ਸੱਜਣ ਨੂੰ ‘ਖਾਲਿਸਤਾਨੀ’ ਆਖੇ ਜਾਣ ‘ਤੇ ਗਰਮਾਈ ਸਿਆਸਤ

ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਖਾਲਿਸਤਾਨੀ ਸਮਰਥਕ ’ ਆਖੇ ਜਾਣ ਦੀ ਆਮ ਆਦਮੀ ਪਾਰਟੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਪਾਰਟੀ ਦੇ ਬੁਲਾਰੇ ਅਤੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਨਾ ਕਰਨ ਦੇ ਫ਼ੈਸਲੇ ਪਿੱਛੇ ਮੁੱਖ ਮੰਤਰੀ ਦੀ ਨਿੱਜੀ ਬਦਲਾਖੋਰੀ ਹੈ।
ਵੀਰਵਾਰ ਨੂੰ ਆਪ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪ੍ਰਤੀ ਕੀਤੀ ਗਈ ਟਿੱਪਣੀ ਮੰਦਭਾਗੀ ਹੈ। ਕੈਪਟਨ ਅਮਰਿੰਦਰ ਸਿੰਘ ਅਜਿਹਾ ਕਹਿ ਕੇ ਸਿਰਫ਼ ਕੈਨੇਡੀਅਨ ਰੱਖਿਆ ਮੰਤਰੀ ਦੀ ਹੀ ਬੇਇੱਜ਼ਤੀ ਨਹੀਂ ਕੀਤੀ ਬਲਕਿ ਉਨ੍ਹਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੈ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਉੱਤੇ ਵਪਾਰ, ਕਾਰੋਬਾਰ ਦੇ ਨਾਲ-ਨਾਲ ਸਮਾਜਿਕ ਅਤੇ ਰਾਜਨੀਤਿਕ ਪੱਧਰ ਉੱਪਰ ਝੰਡੇ ਗੱਡੇ ਹਨ।
ਉਨ੍ਹਾਂ ਆਖਿਆ ਕਿ ਕੈਨੇਡੀਅਨ ਲੋਕਾਂ ਨੇ ਵੋਟਾਂ ਰਾਹੀਂ ਪੰਜਾਬੀਆਂ ਨੂੰ ਆਪਣੇ ਨੁਮਾਇੰਦੇ ਚੁਣ ਕੇ ਭਾਰਤ ਅਤੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ, ਪਰ ਨਿੱਜੀ ਬਦਲਾਖੋਰੀ ਅਤੇ ਸੌੜੇ ਸਿਆਸੀ ਹਿਤਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੇ ਸ਼ਬਦ ਕੈਨੇਡਾ ਦੇ ਰੱਖਿਆ ਮੰਤਰੀ ਬਾਰੇ ਬੋਲੇ ਗਏ ਹਨ,ਉਸ ਪਿੱਛੇ ਉਨ੍ਹਾਂ ਦਾ ਐਨਆਰਆਈਜ ਪ੍ਰਤੀ ਬਦਲੇ ਦੀ ਭਾਵਨਾ ਸਾਫ਼ ਝਲਕਦੀ ਹੈ। ਖਹਿਰਾ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਹਰਜੀਤ ਸਿੰਘ ਸੱਜਣ ਦਾ ਗਰਮਜੋਸ਼ੀ ਨਾਲ ਸਵਾਗਤ ਕਰੇਗੀ।
There are no comments at the moment, do you want to add one?
Write a comment