-ਪੰਜਾਬ ’ਚ ਹਾਈ ਅਲਰਟ
ਚੰਡੀਗੜ੍ਹ, 27 ਜਨਵਰੀ (ਪੰਜਾਬ ਮੇਲ)- ਰਾਜਧਾਨੀ ਦਿੱਲੀ ’ਚ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣਯੋਗ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਕਿਸਾਨਾਂ ਨੂੰ ਤੁਰੰਤ ਦਿੱਲੀ ਨੂੰ ਛੱਡਣ ਅਤੇ ਵਾਪਸ ਸਰਹੱਦਾਂ ’ਤੇ ਪਹੁੰਚਣ ਦੀ ਅਪੀਲ ਕੀਤੀ, ਜਿੱਥੇ ਉਹ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਸਨ।
ਮੁੱਖ ਮੰਤਰੀ ਨੇ ਦਿੱਲੀ ਵਿਚ ਹਿੰਸਾ ਤੇ ਤਨਾਅ ਦੇ ਮੱਦੇਨਜ਼ਰ ਪੰਜਾਬ ਵਿਚ ਹਾਈ ਅਲਰਟ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਕਿ ਸੂਬੇ ਵਿਚ ਕਿਸੇ ਵੀ ਕੀਮਤ ’ਤੇ ਅਮਨ-ਕਾਨੂੰਨ ਵਿਵਸਥਾ ਭੰਗ ਨਾ ਹੋਵੇ।
ਸਥਿਤੀ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਸਪੱਸ਼ਟ ਤੌਰ ’ਤੇ ਕੁਝ ਲੋਕਾਂ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਨੇ ਦਿੱਲੀ ਪੁਲਿਸ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਆਪਸੀ ਸਮਝੌਤੇ ਰਾਹੀਂ ਟਰੈਕਟਰ ਮਾਰਚ ਲਈ ਮਿੱਥੇ ਨਿਯਮਾਂ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਨ੍ਹਾਂ ਗੈਰ ਸਮਾਜਿਕ ਤੱਤਾਂ ਨੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ’ਚ ਗੜਬੜੀ ਪੈਦਾ ਕੀਤੀ। ਉਨ੍ਹਾਂ ਇਤਿਹਾਸਕ ਲਾਲ ਕਿਲੇ ਅਤੇ ਕੌਮੀ ਰਾਜਧਾਨੀ ਦੀਆਂ ਕੁਝ ਹੋਰ ਮਹੱਤਵਪੂਰਣ ਥਾਵਾਂ ’ਤੇ ਵਾਪਰੀਆਂ ਘਟਨਾਵਾਂ ਦੀ ਵੀ ਨਿੰਦਾ ਕੀਤੀ।