ਕੈਪਟਨ ਵੱਲੋਂ ਨਕਲੀ ਸ਼ਰਾਬ ਦਾ ਕਾਰੋਬਾਰ ਠੱਲ੍ਹਣ ਲਈ ਜੀ.ਪੀ.ਐੱਸ. ਲਾਗੂ

422
Share

ਚੰਡੀਗੜ੍ਹ, 20 ਅਗਸਤ (ਪੰਜਾਬ ਮੇਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕਲੀ ਸ਼ਰਾਬ ਉਤਪਾਦਨ ਨੂੰ ਠੱਲ੍ਹਣ ਲਈ ਉਤਪਾਦਕਾਂ ਅਤੇ ਟਰਾਂਸਪੋਰਟਰਾਂ ਦਰਮਿਆਨ ਨਾਪਾਕ ਗਠਜੋੜ ਤੋੜਨ ਲਈ ਸਖ਼ਤ ਕਦਮ ਚੁੱਕੇ ਜਾਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਕਦਮਾਂ ਵਿਚ ਈਥਾਨੌਲ, ਸਪਿਰਟ ਅਤੇ ਹੋਰ ਉਤਪਾਦਾਂ, ਜੋ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ, ਦੀ ਵਾਹਨਾਂ ਰਾਹੀਂ ਆਵਾਜਾਈ ਦੌਰਾਨ ਗੈਰ-ਸਮਾਜਿਕ ਤੱਤਾਂ ਦੁਆਰਾ ਚੋਰੀ ਰੋਕਣ ਲਈ ਜੀ.ਪੀ.ਐੱਸ. ਪ੍ਰਣਾਲੀ ਨਾਲ ਇਨ੍ਹਾਂ ਵਾਹਨਾਂ ਨੂੰ ਜੋੜਿਆ ਜਾਣਾ ਸ਼ਾਮਲ ਹੈ।
ਮੁੱਖ ਮੰਤਰੀ ਦੇ ਹੁਕਮਾਂ ‘ਤੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਸਤੰਬਰ ਤੋਂ ਕੋਈ ਵੀ ਵਾਹਨ ਜੀ.ਪੀ.ਐੱਸ. ਤੇ ਛੇੜਛਾੜ ਰਹਿਤ ਸੀਲਬੰਦੀ ਤੋਂ ਬਿਨਾਂ ਢੋਆ-ਢੁਆਈ ਨਹੀਂ ਕਰ ਸਕੇਗਾ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਸਾਮਾਨ ਲਿਜਾਣ ਵਾਲੇ ਵਾਹਨ ਦੇ ਜੀ.ਪੀ.ਐੱਸ. ਕੋਆਰਡੀਨੇਟਸ ਨੂੰ ਯੂਨਿਟ ਦੁਆਰਾ ਸਾਮਾਨ ਪੁੱਜਦਾ ਕਰਨ ਦੀ ਮਿਤੀ ਤੋਂ ਘੱਟੋ-ਘੱਟ 15 ਦਿਨ ਦੇ ਸਮੇਂ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਕਦਮ ਦਾ ਮਕਸਦ ਡਿਸਟਿਲਰੀਆਂ ਦੁਆਰਾ ਉਤਪਾਦਨ ਕੀਤੀ ਜਾਂਦੀ ਐਕਸਟਰਾ ਨਿਊਟਰਲ ਐਲਕੋਹਲ (ਈ.ਐੱਨ. ਏ.), ਈਥਾਨੌਲ, ਸਪੈਸ਼ਲੀ ਡੀਨੇਚਰਡ ਸਪਿਰਟ (ਐੱਸ. ਡੀ.ਐੱਸ.), ਡੀਨੇਚਰਡ ਸਪਿਰਟ (ਡੀ.ਐੱਨ.ਐੱਸ.) ਅਤੇ ਰੈਕਟੀਫਾਈਡ ਸਪਿਰਟ (ਆਰ.ਐੱਸ.) ਦੀ ਢੋਆ-ਢੁਆਈ ‘ਤੇ ਕਰੜੀ ਨਜ਼ਰ ਰੱਖਣਾ ਹੈ।
ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਟੈਂਕਰਾਂ ਦੀ ਛੇੜਛਾੜ ਰਹਿਤ ਸੀਲਬੰਦੀ, ਇਨ੍ਹਾਂ ਦੀ ਰਵਾਨਗੀ ਤੋਂ ਪਹਿਲਾਂ ਡਿਸਟਿਲਰੀ ਯੂਨਿਟਾਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਨਵੇਂ ਨਿਯਮਾਂ ਤਹਿਤ ਇਹ ਸੀਲ ਸਿਰਫ਼ ਸਾਮਾਨ ਦੇ ਪ੍ਰਾਪਤ ਕਰਤਾ ਦੁਆਰਾ ਹੀ ਤੋੜੀ ਜਾਵੇਗੀ। ਇਸ ਸਬੰਧੀ ਸਾਮਾਨ ਰਵਾਨਾ ਅਤੇ ਸਾਮਾਨ ਪ੍ਰਾਪਤ ਕਰਨ ਵਾਲੀਆਂ ਯੂਨਿਟਾਂ ਦੁਆਰਾ ਪੂਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਹਰੇਕ ਟੈਂਕਰ/ਟਰੱਕ ਦੀ ਸਰਟੀਫਿਕੇਸ਼ਨ (ਪ੍ਰਮਾਣਿਕਤਾ) ਦਾ ਰਿਕਾਰਡ ਵੀ ਹਰ ਹਾਲਤ ਵਿਚ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ। ਕਿਸੇ ਵੀ ਸਥਿਤੀ ਦੌਰਾਨ ਪੰਜਾਬ ਰਾਜ ਵਿਚ ਸਿਰਫ ਨੁਕਸ ਪੈਣ ਦੀ ਸਥਿਤੀ ਤੋਂ ਬਿਨਾਂ ਆਵਾਜਾਈ ਵਾਲੇ ਵਾਹਨ ਨੂੰ ਰਾਹ ਵਿਚ ਰੋਕਣ ਦੀ ਆਗਿਆ ਨਹੀਂ ਹੋਵੇਗੀ। ਨੁਕਸ ਪੈਣ ਦੀ ਸਥਿਤੀ ਵਿਚ ਵੀ ਉਤਪਾਦਨ ਯੂਨਿਟ ਨੂੰ ਇਸ ਦੇ 15 ਮਿੰਟ ਵਿਚ ਯੂਨਿਟ ਦੇ ਆਬਕਾਰੀ ਅਫਸਰ ਇੰਚਾਰਜ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਵਾਹਨ ਦੇ ਆਊਟਲੈਟ ਦੀਆਂ ਸੀਲਾਂ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਇਨ੍ਹਾਂ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ। ਨੁਕਸ ਪੈਣ ਦੌਰਾਨ ਜੇ ਵਾਹਨ ਵਿਚ ਲੱਦੇ ਮਾਲ/ਉਤਪਾਦਾਂ ਨੂੰ ਕਿਸੇ ਹੋਰ ਵਾਹਨ ਵਿਚ ਤਬਦੀਲ ਕਰਨ ਦੀ ਲੋੜ ਪੈਂਦੀ ਹੈ ਤਾਂ ਅਜਿਹਾ ਸਬੰਧਤ ਅਧਿਕਾਰ ਖੇਤਰ ਦੇ ਆਬਕਾਰੀ ਅਧਿਕਾਰੀ ਦੀ ਹਾਜ਼ਰੀ ਅਤੇ ਨਿਰਦੇਸ਼ਾਂ ਮੁਤਾਬਕ ਹੀ ਕੀਤਾ ਜਾਵੇਗਾ।
ਜੇਕਰ ਵਾਹਨ ਖ਼ਰਾਬ ਹੋਣ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਪੰਜਾਬ ਰਾਜ ਦੇ ਅਧਿਕਾਰ ਖੇਤਰ ਵਿਚ ਰੋਕਿਆ ਜਾਂਦਾ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਵਾਹਨ ਨੂੰ ਲੱਦੇ ਮਾਲ ਵਿਚ ਘਪਲੇਬਾਜ਼ੀ ਕਰਨ ਦੇ ਇਰਾਦੇ ਨਾਲ ਰੋਕਿਆ ਗਿਆ ਹੈ। ਅਜਿਹੇ ਹਾਲਾਤ ਵਿਚ ਡਿਸਟਿਲਰੀ ਅਤੇ ਟਰਾਂਸਪੋਰਟਰ ਉਪਰ ਸਾਂਝੇ ਤੌਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਾਲ/ਉਤਪਾਦ ਪ੍ਰਾਪਤ ਕਰਨ ਵਾਲੀ ਇਕਾਈ ਇਹ ਯਕੀਨੀ ਬਣਾਵੇਗੀ ਕਿ ਖਰੀਦਿਆ ਗਿਆ ਅਤੇ ਆਵਾਜਾਈ ਵਾਲੇ ਵਾਹਨ ਵਿਚ ਲੱਦਿਆ ਸਾਰਾ ਮਾਲ ਉਤਾਰਿਆ ਗਿਆ ਹੈ ਜਾਂ ਨਹੀਂ। ਇਸਦੇ ਨਾਲ ਹੀ ਇਹ ਦੇਖਣਾ ਵੀ ਇਕਾਈ ਦੀ ਹੀ ਜ਼ਿੰਮੇਵਾਰੀ ਹੋਵੇਗੀ ਕਿ ਵਾਹਨ ਵਿਚ ਕੋਈ ਸਮੱਗਰੀ/ਮਾਲ ਬਕਾਇਆ ਤਾਂ ਨਹੀਂ ਰਿਹਾ।


Share