ਕੈਪਟਨ ਨੇ ਬਾਜਵਾ ਵੱਲੋਂ ਲਾਏ ਬਦਲਾਖੋਰੀ ਦੇ ਦੋਸ਼ਾਂ ਨੂੰ ਕੀਤਾ ਰੱਦ

106
Share

ਕਿਹਾ: ਰਾਜ ਸਭਾ ਮੈਂਬਰ ਦੀ ਸੁਰੱਖਿਆ ‘ਚ ਹੁਣ ਪਹਿਲਾਂ ਨਾਲੋਂ ਵੀ ਵੱਧ ਸੀ.ਆਈ.ਐੱਸ.ਐੱਫ. ਦੇ ਜਵਾਨ ਤਾਇਨਾਤ
ਚੰਡੀਗੜ੍ਹ, 11 ਅਗਸਤ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਸ਼ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵਾਪਸ ਲੈਣ ‘ਚ ਉਨ੍ਹਾਂ ਦੁਆਰਾ ਲਾਏ ਬਦਲਾਖੋਰੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਮਾਰਚ ਮਹੀਨੇ ‘ਚ ਕੇਂਦਰ ਵਲੋਂ ਰਾਜ ਸਭਾ ਮੈਂਬਰ ਨੂੰ ਮੁਹੱਈਆ ਕਰਵਾਈ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਗਰੋਂ ਸਾਲ 2013 ਦੀ ਸੂਬੇ ਦੀ ਸੁਰੱਖਿਆ ਨੀਤੀ ਦੇ ਅਨੁਸਾਰ ਉਸ ਨੂੰ ਦਰਪੇਸ਼ ਖ਼ਤਰੇ ਦੀ ਸਮੇਂ-ਸਮੇਂ ਕੀਤੀ ਜਾਣ ਵਾਲੀ ਸਮੀਖਿਆ ‘ਤੇ ਆਧਾਰਿਤ ਇਹ ਆਮ ਪ੍ਰਕ੍ਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ, ਉਨ੍ਹਾਂ ਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਸਹੀ ਮਾਅਨਿਆਂ ‘ਚ ਜ਼ਰੂਰਤ ਹੋਣ ‘ਤੇ ਸੁਰੱਖਿਆ ਦੇਣ ਤੋਂ ਇਨਕਾਰ ਨਹੀਂ ਕਰੇਗੀ ਪਰ ਬੇਵਜ੍ਹਾ ਪੁਲਿਸ ਮੁਲਾਜ਼ਮਾਂ ਨੂੰ ਵਿਹਲਾ ਨਹੀਂ ਕਰ ਸਕਦੀ, ਖ਼ਾਸ ਕਰਕੇ ਉਸ ਵੇਲੇ ਜਦੋਂ ਕੋਵਿਡ ਦੀ ਮਹਾਂਮਾਰੀ ਦਰਮਿਆਨ ਪੁਲਿਸ ਫੋਰਸ ਬਹੁਤ ਨਿਯੰਤਰਨ ਤੇ ਦਬਾਅ ‘ਚੋਂ ਗੁਜ਼ਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾਂਦੇ ਖ਼ਤਰੇ ਦੇ ਮੁਲਾਂਕਣ ਦੇ ਮੁਤਾਬਿਕ ਬਾਦਲਾਂ ਨੂੰ ਸੁਰੱਖਿਆ ਖ਼ਤਰੇ ਦੇ ਸੰਕੇਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਜਵਾ ਦੀ ਸ਼ਿਕਾਇਤ ਬੇਮਾਅਨਾ ਹੈ ਅਤੇ ਨਾ ਹੀ ਇਹ ਤੱਥਾਂ ‘ਤੇ ਆਧਾਰਿਤ ਹੈ।


Share