ਕੈਪਟਨ ਨੇ ਨਵਜੋਤ ਕੌਰ ਸਿੱਧੂ ਨੂੰ ਵੇਅਰਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਲਾਇਆ

ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ
ਡਾ. ਨਵਜੋਤ ਕੌਰ ਸਿੱਧੂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਕੈਪਟਨ ਅਮਰਿੰਦਰ ਸਿੰਘ।
ਚੰਡੀਗੜ੍ਹ, 26 ਅਪ੍ਰੈਲ (ਪੰਜਾਬ ਮੇਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਜ਼ਾਰਤੀ ਸਾਥੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਲਾ ਕੇ ਚੋਣਾਂ ਵੇਲੇ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਦੁਪਹਿਰ ਵੇਲੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਸਿੱਧੂ ਨੂੰ ਸੈਕਟਰ 35 ਵਿਚਲੇ ਸਥਾਨਕ ਸਰਕਾਰਾਂ ਦੇ ਦਫਤਰ ਵਿਚ ਮਿਲੇ ਅਤੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਗੱਲਬਾਤ ਕੀਤੀ। ਸ਼ਾਮ ਵੇਲੇ ਉਨ੍ਹਾਂ ਡਾ. ਸਿੱਧੂ ਨੂੰ ਚੇਅਰਪਰਸਨ ਲਾਉਣ ਦਾ ਵਾਅਦਾ ਪੂਰਾ ਕਰਨ ਦੀ ਗੱਲ ਕੀਤੀ। ਸ਼ਾਮ ਪੌਣੇ ਸੱਤ ਵਜੇ ਮੁੱਖ ਮੰਤਰੀ ਨੇ ਸਿੱਧੂ ਜੋੜੀ ਨੂੰ ਆਪਣੇ ਨਿਵਾਸ ਸਥਾਨ ‘ਤੇ ਬੁਲਾ ਕੇ ਡਾ. ਸਿੱਧੂ ਨੂੰ ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਲਾਉਣ ਦਾ ਪੱਤਰ ਦੇ ਦਿਤਾ।
ਦੱਸਣਯੋਗ ਹੈ ਕਿ ਕੈਪਟਨ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਸ਼੍ਰੀ ਸਿੱਧੂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਵਿਚੋਂ ਇਕ ਜਣੇ ਨੂੰ ਹੀ ਦਿੱਤੀ ਜਾਵੇਗੀ ਪਰ ਸਰਕਾਰ ਬਣਨ ‘ਤੇ ਉਨ੍ਹਾਂ ਦੀ ਪਤਨੀ ਨੂੰ ਅਡਜਸਟ ਕੀਤਾ ਜਾਵੇਗਾ। ਸਰਕਾਰ ਦਾ ਲਗਭਗ ਸਵਾ ਸਾਲ ਲੰਘ ਗਿਆ ਹੈ ਪਰ ਅਜੇ ਤਕ ਉਨ੍ਹਾਂ ਨੂੰ ਅਡਜਸਟ ਨਹੀਂ ਕੀਤਾ ਗਿਆ ਸੀ। ਵਜ਼ਾਰਤ ਵਿਚ ਵਾਧੇ ਸਮੇਂ ਸ਼੍ਰੀ ਸਿੱਧੂ ਦੇ ਮਿੱਤਰ ਤੇ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੂੰ ਮੰਤਰੀ ਬਣਾਉਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਦੂਜੇ ਪਾਸੇ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਸਿੱਧੂ ਵਿਰੁਧ ਚੱਲ ਰਹੇ ਕੇਸ ਵਿਚ ਸਰਕਾਰ ਵੱਲੋਂ ਲਏ ਸਟੈਂਡ ਕਾਰਨ ਸਿੱਧੂ ਪਹਿਲਾਂ ਹੀ ਰਾਜ ਸਰਕਾਰ ਤੋਂ ਖ਼ਫ਼ਾ ਹਨ। ਇਸ ਕਰਕੇ ਰਾਜ ਸਰਕਾਰ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਨਾਰਾਜ਼ਗੀ ਨੂੰ ਕੁਝ ਹੱਦ ਤਕ ਦੂਰ ਕਰਨ ਦਾ ਯਤਨ ਕੀਤਾ ਹੈ। ਕੈਪਟਨ ਵਜ਼ਾਰਤ ਵਿਚ ਵਾਧੇ ਤੋਂ ਬਾਅਦ ਕੁਝ ਵਿਧਾਇਕਾਂ ਨੇ ਆਪਣੀ ਪਾਰਟੀ ਤੇ ਸਰਕਾਰ ਵਿਰੁੱਧ ਸੁਰਾਂ ਤਿੱਖੀਆਂ ਕਰ ਲਈਆਂ ਸਨ। ਤਿੰਨ ਵਿਧਾਇਕਾਂ ਨੇ ਪਾਰਟੀ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ ਤੇ ਕੁਝ ਨੇ ਆਪਣੀ ਨਾਰਾਜ਼ਗੀ ਜਨਤਕ ਤੌਰ ‘ਤੇ ਜ਼ਾਹਰ ਕੀਤੀ। ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਦੋ ਦਿਨ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ ਤੇ ਉਸ ਕੜੀ ਵਿਚ ਕੁਝ ਵਿਧਾਇਕਾਂ ਦੀਆਂ ਅਗਲੇ ਕੁਝ ਦਿਨਾਂ ਵਿਚ ਨਾਰਾਜ਼ਗੀਆਂ ਦੂਰ ਕਰਨ ਦੀ ਤਿਆਰੀ ਹੈ।
ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਮਿਸ਼ਨ-2019 ‘ਤੇ ਪੈ ਸਕਦੀ ਹੈ ਭਾਰੂ
ਪੰਜਾਬ ਵਜ਼ਾਰਤ ਵਿਚ ਵਾਧੇ ਦੌਰਾਨ ਝੰਡੀ ਵਾਲੀ ਕਾਰ ਨਾ ਮਿਲਣ ਕਾਰਨ ਸੂਬੇ ਵਿਚ ਕਈ ਸੀਨੀਅਰ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਤੋਂ ਖ਼ਫ਼ਾ ਹਨ, ਜਿਸ ਨਾਲ 2019 ਦੀਆਂ ਆਮ ਚੋਣਾਂ ‘ਤੇ ਅਸਰ ਪੈ ਸਕਦਾ ਹੈ। ਇਨ੍ਹਾਂ ਵਿਚੋਂ ਦੋ ਵਿਧਾਇਕ ਸਨਅਤੀ ਸ਼ਹਿਰ ਤੋਂ ਵੀ ਹਨ। ਇਨ੍ਹਾਂ ਵਿਚ ਇਥੋਂ ਛੇ ਵਾਰ ਵਿਧਾਇਕ ਤੇ ਸ਼ਹੀਦ ਪਰਿਵਾਰ ਨਾਲ ਸਬੰਧਤ ਰਾਕੇਸ਼ ਪਾਂਡੇ ਤੇ ਚਾਰ ਵਾਰ ਦੇ ਵਿਧਾਇਕ ਸੁਰਿੰਦਰ ਡਾਬਰ ਸ਼ਾਮਲ ਹਨ। ਹਾਲਾਂਕਿ, ਦੋਵੇਂ ਵਿਧਾਇਕ ਆਪਣੀ ਨਾਰਾਜ਼ਗੀ ਸਾਰਿਆਂ ਸਾਹਮਣੇ ਨਹੀਂ ਜਤਾ ਰਹੇ, ਪਰ ਅੰਦਰਖਾਤੇ ਕਾਂਗਰਸੀ ਵਿਧਾਇਕ ਪਾਰਟੀ ਹਾਈਕਮਾਂਡ ਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਤੋਂ ਖ਼ਫ਼ਾ ਹਨ। ਸ਼ਹਿਰ ਵਿਚ ਵਿਧਾਇਕਾਂ ਦੀ ਸੀਨੀਆਰਤਾ ਦੀ ਗੱਲ ਕਰੀਏ ਤਾਂ ਸ਼ਹੀਦ ਜੋਗਿੰਦਰ ਪਾਲ ਪਾਂਡੇ ਤੋਂ ਬਾਅਦ ਉਨ੍ਹਾਂ ਦੇ ਪੁੱਤ ਰਾਕੇਸ਼ ਪਾਂਡੇ ਲੁਧਿਆਣਾ ਦੇ (ਉੱਤਰੀ) ਹਲਕੇ ਤੋਂ ਲਗਾਤਾਰ ਵਿਧਾਇਕ ਚੁਣੇ ਆ ਰਹੇ ਹਨ। ਪਿਛਲੀ ਕੈਪਟਨ ਸਰਕਾਰ ਵੇਲੇ ਵੀ ਉਹ ਮੰਤਰੀ ਬਣੇ ਸਨ। ਵਿਧਾਇਕ ਸੁਰਿੰਦਰ ਡਾਬਰ ਨੂੰ ਵੀ ਝੰਡੀ ਵਾਲੀ ਕਾਰ ਮਿਲਣ ਦੀ ਉਮੀਦ ਸੀ। ਵਿਧਾਇਕ ਸੁਰਿੰਦਰ ਡਾਬਰ ਦੇ ਇਲਾਕੇ ਤੇ ਵਿਧਾਇਕ ਪਾਂਡੇ ਦੇ ਇਲਾਕੇ ਵਿਚੋਂ ਹੀ ਰਵਨੀਤ ਬਿੱਟੂ ਨੂੰ ਵੱਡੀ ਲੀਡ ਮਿਲੀ ਸੀ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਧਾਇਕਾਂ ਦੀ ਨਰਾਜ਼ਗੀ ਨਾਲ ਕਾਂਗਰਸ ਦਾ ਮਿਸ਼ਨ-2019 ਪ੍ਰਭਾਵਿਤ ਹੋ ਸਕਦਾ ਹੈ।