ਲੌਕਡਾਊਨ ਕਾਰਨ ਰਾਜਸਥਾਨ ਵਿੱਚ ਫਸੇ 2700 ਮਜ਼ਦੂਰਾਂ ਤੇ 150 ਵਿਦਿਆਰਥੀਆਂ ਨੂੰ ਵੀ ਵਾਪਸ ਲਿਆਉਣ ਦੀ ਤਿਆਰੀ
ਚੰਡੀਗੜ੍ਹ, 26 ਅਪ੍ਰੈਲ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਵਿੱਚ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਨੂੰ ਵਾਪਸ ਉਨ੍ਹਾਂ ਦੇ ਘਰ ਲਿਆਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਫਸੇ 2700 ਮਜ਼ਦੂਰਾਂ ਅਤੇ 150 ਵਿਦਿਆਰਥੀਆਂ ਨੂੰ ਵੀ ਵਾਪਸ ਲਿਆਉਣ ਦੀ ਤਿਆਰੀ ਹੈ।
ਐਤਵਾਰ ਬਾਅਦ ਦੁਪਹਿਰ ਤੱਕ 219 ਸ਼ਰਧਾਲੂ ਪੰਜਾਬ ਵਿੱਚ ਆਪਣੇ ਘਰ ਪਹੁੰਚ ਗਏ ਜਦੋਂ ਕਿ 11 ਵਾਹਨਾਂ ‘ਤੇ ਆ ਰਹੇ 176 ਹੋਰ ਸ਼ਰਧਾਲੂ ਦੇਰ ਰਾਤ ਤੱਕ ਬਠਿੰਡਾ ਪੁੱਜ ਜਾਣਗੇ ਜਿੱਥੋਂ ਉਹ ਅਗਾਂਹ ਅੰਮ੍ਰਿਤਸਰ ਜਾਣਗੇ।
ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰ ਪਾਲ ਸਿੰਘ ਅਨੁਸਾਰ 467 ਸ਼ਰਧਾਲੂਆਂ ਨੂੰ ਲੈ ਕੇ ਆ ਰਹੀਆਂ 13 ਬੱਸਾਂ ਰਾਜਸਥਾਨ ਦੇ ਭੀਲਵਾੜਾ ਵਿੱਚ ਪਹੁੰਚ ਗਈਆਂ ਜਿਨ੍ਹਾਂ ਦੇ ਕੱਲ੍ਹ ਸਵੇਰੇ ਪੰਜਾਬ ਪੁੱਜਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਪੰਜਾਬ ਸਰਕਾਰ ਦੀਆਂ 80 ਬੱਸਾਂ ਦਾ ਕਾਫਲਾ ਇੰਦੌਰ (ਮੱਧ ਪ੍ਰਦੇਸ਼) ਪਾਰ ਕਰ ਗਿਆ ਹੈ ਜਿਸ ਦੇ ਐਤਵਾਰ ਦੀ ਦੇਰ ਰਾਤ ਹਜ਼ੂਰ ਸਾਹਿਬ ਵਿਖੇ ਪਹੁੰਚਣ ਦੀ ਆਸ ਹੈ ਅਤੇ ਬਾਕੀ ਰਹਿੰਦੇ ਸ਼ਰਧਾਲੂਆਂ ਨੂੰ ਲੈ ਕੇ ਸੋਮਵਾਰ ਦੁਪਹਿਰ ਮੁੜ ਪੰਜਾਬ ਵੱਲ ਰਵਾਨਾ ਹੋਣ ਦੀ ਉਮੀਦ ਹੈ।
ਮੁੱਖ ਮੰਤਰੀ ਨੇ ਆਪਣੇ ਨਿਰੰਤਰ ਯਤਨਾਂ ਰਾਹੀਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਕੁਝ ਦਿਨ ਪਹਿਲਾਂ ਕੇਂਦਰ ਪਾਸੋਂ ਇਜਾਜ਼ਤ ਮੰਗੀ ਸੀ ਅਤੇ ਇਹ ਵੀ ਵਚਨਬੱਧਤਾ ਪ੍ਰਗਟਾਈ ਸੀ ਕਿ ਇਸ ਵਾਸਤੇ ਲੋੜੀਂਦੇ ਕਦਮ ਪੰਜਾਬ ਸਰਕਾਰ ਵੱਲੋਂ ਚੁੱਕੇ ਜਾਣਗੇ। ਉਨ੍ਹਾਂ ਨੇ ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਅਥਾਰਟੀਆਂ ਨਾਲ ਲਗਾਤਾਰ ਤਾਲਮੇਲ ਕਰਨ ਲਈ ਤਾਇਨਾਤ ਕੀਤਾ ਸੀ ਤਾਂ ਕਿ ਸ਼ਰਧਾਲੂਆਂ ਦੇ ਨਾਲ-ਨਾਲ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ 150 ਵਿਦਿਆਰਥੀ ਜੋ ਰਾਜਸਥਾਨ ਵਿੱਚ ਕੋਟਾ ‘ਚ ਫਸ ਗਏ ਸਨ, ਨੂੰ ਸੱਤ ਬੱਸਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਜੋ ਭਲਕੇ ਸਵੇਰੇ ਪੰਜਾਬ ਪਹੁੰਚ ਜਾਣਗੇ।
ਸੂਬਾ ਸਰਕਾਰ ਨੇ 60 ਬੱਸਾਂ ਜੈਸਲਮੇਰ (ਰਾਜਸਥਾਨ) ਵੀ ਭੇਜੀਆਂ ਹਨ ਜਿੱਥੇ 2700 ਮਜ਼ਦੂਰ ਪੰਜ ਰਾਹਤ ਕੈਂਪਾਂ ਵਿੱਚ ਰੁਕੇ ਹੋਏ ਹਨ। ਉਹ ਪੰਜਾਬ ਲਈ ਭਲਕੇ ਸ਼ਾਮ ਨੂੰ ਰਵਾਨਾ ਹੋਣਗੇ।