ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਏ.ਸੀ.ਪੀ. ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਦੀ ਹੋਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

371
Share

– ਕੋਰੋਨਾ ਜੰਗ ਦੇ ਦੋਹਾਂ ਯੋਧਿਆਂ ਦੇ ਵਾਰਸਾਂ ਲਈ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਕੀਤਾ ਐਲਾਨ
ਚੰਡੀਗੜ੍ਹ, 18 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਏ.ਸੀ.ਪੀ. ਉਤਰੀ ਲੁਧਿਆਣਾ ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਦੋਵੇਂ ਅਧਿਕਾਰੀ ਕੋਵਿਡ-19 ਤੋਂ ਪੀੜਤ ਸਨ।
ਮੁੱਖ ਮੰਤਰੀ ਨੇ ਦੋਵਾਂ ਅਧਿਕਾਰੀਆਂ ਦੇ ਵਾਰਸਾਂ ਨੂੰ 50-50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ ਕੋਰੋਨਾਵਾਇਰਸ ਕਰਕੇ ਕਿਸੇ ਵੀ ਅਧਿਕਾਰੀ ਦੀ ਡਿਊਟੀ ਦੌਰਾਨ ਮੌਤ ਹੋਣ ‘ਤੇ ਉਸਦੇ ਮੈਂਬਰਾਂ ਨੂੰ ਇੰਨੀ ਹੀ ਰਾਸ਼ੀ ਅਦਾ ਕੀਤੀ ਜਾਵੇਗੀ।
ਉਨ੍ਹਾਂ ਟਵੀਟ ਕਰਦਿਆਂ ਕਿਹਾ, ”“ਕੋਵਿਡ-19 ਕਰਕੇ ਆਪਣੇ ਦੋ ਅਧਿਕਾਰੀਆਂ ਨੂੰ ਗੁਆਉਣ ਦਾ ਗਹਿਰਾ ਦੁੱਖ ਹੋਇਆ। ਇਨ੍ਹਾਂ ਅਧਿਕਾਰੀਆਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਫੈਸਲਾ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਅਜਿਹੀ ਕੋਈ ਘਟਨਾ ਨਾ ਵਾਪਰੇ ਪਰ ਜੇ ਅਜਿਹਾ ਹੁੰਦਾ ਹੈ ਤਾਂ ਸੂਬਾ ਸਰਕਾਰ ਵੱਲੋਂ ਕੋਵਿਡ-19 ਕਰਕੇ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਅਧਿਕਾਰੀਆਂ ਦੇ ਵਾਰਸਾਂ ਨੂੰ 50 ਲੱਖ ਰੁਪਏ ਦਿੱਤੇ ਜਾਣਗੇ।”
ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਏ.ਸੀ.ਪੀ. ਨੂੰ ਇੱਕ ਦਲੇਰ ਅਧਿਕਾਰੀ ਵਜੋਂ ਯਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਪੂਰੀ ਲਗਨ, ਇਮਾਨਦਾਰੀ ਅਤੇ ਪੇਸ਼ੇਵਾਰ ਵਚਨਬੱਧਤਾ ਨਾਲ ਆਪਣੇ ਫ਼ਰਜ਼ ਨਿਭਾਏ। ਪੰਜਾਬ ਪੁਲਿਸ ਫੋਰਸ ਵਿਚ ਉਨ੍ਹਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕੋਹਲੀ ਨੌਜਵਾਨ ਅਧਿਕਾਰੀਆਂ ਲਈ ਪ੍ਰੇਰਣਾ ਬਣੇ ਰਹਿਣਗੇ। ਏ.ਸੀ.ਪੀ. ਅਨਿਲ ਕੋਹਲੀ ਨੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਆਖ਼ਰੀ ਸਾਹ ਲਿਆ ਜਿਨ੍ਹਾਂ ਦੀ ਅੱਜ ਦੁਪਿਹਰ ਕੋਵਿਡ-19 ਕਰਕੇ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ।
ਇਸ ਦੌਰਾਨ ਇੱਕ ਟਵੀਟ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ, ”ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਅਸੀਂ ਕੋਵਿਡ-19 ਕਰਕੇ ਕੱਲ੍ਹ ਗੁਰਮੇਲ ਸਿੰਘ ਕਾਨੂੰਗੋ ਅਤੇ ਅੱਜ ਲੁਧਿਆਣਾ ਵਿਖੇ ਏ.ਸੀ.ਪੀ. ਅਨਿਲ ਕੋਹਲੀ ਨੂੰ ਗੁਆ ਦਿੱਤਾ ਹੈ। ਸੰਕਟ ਦੀ ਇਸ ਘੜੀ ਵਿੱਚ ਸਾਡੇ ਕੋਰੋਨਾ ਜੰਗ ਦੇ ਯੋਧਿਆਂ ਨੂੰ ਗੁਆਉਣਾ ਸੂਬੇ ਲਈ ਇੱਕ ਵੱਡਾ ਨੁਕਸਾਨ ਹੈ। ਮੈਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨਾਲ ਸ਼ਰੀਕ ਹਾਂ ਅਤੇ ਭਰੋਸਾ ਦਿੰਦਾ ਹਾਂ ਕਿ ਪੰਜਾਬ ਉਨ੍ਹਾਂ ਨਾਲ ਖੜ੍ਹਾ ਹੈ।”
ਏ.ਸੀ.ਪੀ. ਕੋਹਲੀ ਦੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਏ.ਸੀ.ਪੀ.ਅਨਿਲ ਕੋਹਲੀ ਦੇ ਦੇਹਾਂਤ ਨਾਲ ਪੰਜਾਬ ਪੁਲਿਸ ਨੇ ਇਕ ਦਲੇਰ ਅਤੇ ਜੋਸ਼ੀਲਾ ਅਧਿਕਾਰੀ ਖੋਹ ਦਿੱਤਾ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀ ਕੋਹਲੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੇਟੇ ਪਾਰਸ ਕੋਹਲੀ ਨੇ ਲੁਧਿਆਣਾ ਦੇ ਗੈਸ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ। ਉਨ੍ਹ੍ਹਾਂ ਦੇ ਸਸਕਾਰ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਤੋਂ ਇਲਾਵਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਦੇ ਹੋਰ ਕਈ ਚੁਣੇ ਹੋਏ ਨੁਮਾਇੰਦੇ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਜਲੰਧਰ ਵਿਚ ਜੰਮੇ-ਪਲੇ ਅਨਿਲ ਕੋਹਲੀ (38/ਪੀਆਰ) ਸਾਲ 1989 ਵਿਚ ਬੀ.ਏ. ਕਰਨ ਤੋਂ ਬਾਅਦ 19 ਫਰਵਰੀ 1990 ਨੂੰ ਜ਼ਿਲ੍ਹਾ ਪਟਿਆਲਾ ਵਿਚ ਪੰਜਾਬ ਪੁਲਿਸ ਵਿਚ ਸਹਾਇਕ ਸਬ ਇੰਸਪੈਕਟਰ ਵਜੋਂ ਭਰਤੀ ਹੋਏ, ਜਦੋਂ ਅਤਿਵਾਦ ਸਿਖਰਾਂ ‘ਤੇ ਸੀ। ਉਨ੍ਹਾਂ ਆਪਣੀ ਮੁੱਢਲੀ ਸਿਖਲਾਈ 1990-91 ਦੌਰਾਨ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪੂਰੀ ਕੀਤੀ।
ਆਪਣੇ ਸ਼ੁਰੂਆਤੀ ਸੇਵਾ ਕਾਲ ਦੌਰਾਨ ਉਨ੍ਹਾਂ ਅਤਿਵਾਦ ਵਿਰੁੱਧ ਬਹਾਦਰੀ ਨਾਲ ਜੰਗ ਲੜੀ। ਉਨ੍ਹਾਂ ਸਬ ਇੰਸਪੈਕਟਰ ਅਤੇ ਇੰਸਪੈਕਟਰ ਵਜੋਂ ਤਰੱਕੀ ਮਿਲਣ ਤੋਂ ਬਾਅਦ ਸੂਬੇ ਭਰ ਦੇ ਕਈ ਪ੍ਰਮੁੱਖ ਥਾਣਿਆਂ ਵਿੱਚ ਐਸ.ਐਚ.ਓ. ਵਜੋਂ ਸੇਵਾ ਨਿਭਾਈ। ਸ੍ਰੀ ਕੋਹਲੀ ਦਾ 30 ਸਾਲ ਤੋਂ ਵੱਧ ਦਾ ਬੇਮਿਸਾਲ ਪੁਲਿਸ ਕਰੀਅਰ ਸੀ ਜਿਸ ਦੌਰਾਨ ਉਨ੍ਹਾਂ ਆਪਣੀ ਸਖਤ ਮਿਹਨਤ ਅਤੇ ਜੋਸ਼ ਸਦਕਾ ਬਹੁਤ ਸਾਰੇ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ। ਉਨ੍ਹਾਂ ਨੂੰ 29 ਅਪਰੈਲ, 2016 ਨੂੰ ਡੀ.ਐਸ.ਪੀ. ਵਜੋਂ ਤਰੱਕੀ ਮਿਲੀ ਅਤੇ ਉਨ੍ਹਾਂ ਜ਼ਿਲ•ਾ ਖੰਨਾ, ਫਿਰੋਜ਼ਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ, ਐਸ.ਬੀ.ਐਸ. ਨਗਰ, ਹੁਸ਼ਿਆਰਪੁਰ ਅਤੇ ਲੁਧਿਆਣਾ ਸ਼ਹਿਰ ਵਿੱਚ ਡੀਐਸਪੀ ਵਜੋਂ ਸੇਵਾ ਨਿਭਾਈ।


Share