ਕੈਪਟਨ ਅਮਰਿੰਦਰ ਨੂੰ ਭਾਜਪਾ ’ਚ ਲਿਆਉਣ ’ਤੇ ਪਾਰਟੀ ’ਚ ਚੱਲ ਰਹੀ ਹੈ ਚਰਚਾ!

239
Share

-ਕੈਪਟਨ ਨੂੰ ਲੈ ਕੇ ਰਿਸਰਚ ਦੇ ਕੰਮ ’ਚ ਲੱਗੀ ਹੋਈ ਹੈ ਭਾਜਪਾ
ਜਲੰਧਰ, 19 ਅਕਤੂਬਰ (ਪੰਜਾਬ ਮੇਲ) 2022 ’ਚ ਦੇਸ਼ ਦੇ 5 ਪ੍ਰਮੁੱਖ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ਵਿਚ ਪੰਜਾਬ, ਉੱਤਰ ਪ੍ਰਦੇਸ਼, ਮਣੀਪੁਰ, ਗੋਆ ਤੇ ਉੱਤਰਾਖੰਡ ਸ਼ਾਮਲ ਹਨ। ਪੰਜਾਬ ਵਿਚ ਵੀ ਸਾਰੀਆਂ ਸਿਆਸੀ ਪਾਰਟੀਆਂ ਲਈ ਇਹ ਚੋਣਾਂ ਬੇਹੱਦ ਅਹਿਮ ਹਨ, ਜਿਸ ਦੇ ਲਈ ਜ਼ੋਰ-ਅਜ਼ਮਾਇਸ਼ ਚੱਲ ਰਹੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਸਿਆਸੀ ਤੌਰ ’ਤੇ ਕਾਫੀ ਘਮਾਸਾਨ ਮਚਿਆ ਰਿਹਾ। ਇਹ ਸਭ ਆਉਣ ਵਾਲੀਆਂ ਚੋਣਾਂ ਦੀ ਦਸਤਕ ਕਾਰਨ ਹੋ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਜਾਣ ਦੀ ਚਰਚਾ ਵੀ ਖੂਬ ਚੱਲ ਰਹੀ ਹੈ ਪਰ ਫਿਲਹਾਲ ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਰਿਸਰਚ ਦੇ ਕੰਮ ’ਚ ਲੱਗੀ ਹੋਈ ਹੈ।
ਭਾਜਪਾ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵਿਚ ਲੈ ਕੇ ਆਉਣ ’ਤੇ ਚਰਚਾ ਚੱਲ ਰਹੀ ਹੈ। ਭਾਜਪਾ ਦੇ ਨੇਤਾ ਮੰਨਦੇ ਹਨ ਕਿ ਪੰਜਾਬ ’ਚ ਕੈਪਟਨ ਇਕ ਵੱਡਾ ਚਿਹਰਾ ਹਨ ਅਤੇ ਸਥਾਨਕ ਪੱਧਰ ’ਤੇ ਭਾਜਪਾ ਕੋਲ ਇਸ ਤਰ੍ਹਾਂ ਦਾ ਕੋਈ ਸਿੱਖ ਚਿਹਰਾ ਨਹੀਂ ਹੈ। ਇਸ ਸੋਚ ਨੂੰ ਧਿਆਨ ’ਚ ਰੱਖਦਿਆਂ ਪਾਰਟੀ ਯੋਜਨਾ ’ਤੇ ਕੰਮ ਕਰ ਰਹੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਨੂੰ ਜੇ ਭਾਜਪਾ ਆਪਣੇ ਖੇਮੇ ’ਚ ਸ਼ਾਮਲ ਕਰਦੀ ਹੈ, ਤਾਂ ਉਨ੍ਹਾਂ ਨੂੰ ਕੌਮੀ ਪੱਧਰ ’ਤੇ ਕੋਈ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ’ਚ ਪਾਰਟੀ ਐਕਟਿਵ ਕਰੇਗੀ। ਜੇ ਸਭ ਕੁਝ ਇੰਝ ਹੀ ਚੱਲਦਾ ਰਿਹਾ ਤਾਂ ਪਾਰਟੀ ਆਉਣ ਵਾਲੇ ਸਮੇਂ ’ਚ ਕੋਈ ਵੱਡੀ ਰਣਨੀਤੀ ਤਿਆਰ ਕਰ ਸਕਦੀ ਹੈ। ਅਜੇ ਤੱਕ ਭਾਜਪਾ ਨੇ ਕੈਪਟਨ ਨੂੰ ਲੈ ਕੇ ਕੁਝ ਸਰਵੇ ਕਰਵਾਏ ਹਨ, ਜਿਨ੍ਹਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਪਟਨ ਕਾਰਨ ਪੰਜਾਬ ਵਿਚ ਭਾਜਪਾ ਨੂੰ ਬੂਸਟ ਮਿਲ ਸਕਦਾ ਹੈ ਪਰ ਅਜੇ ਤੱਕ ਪਾਰਟੀ ਇਸ ਲਈ ਅੱਗੇ ਨਹੀਂ ਵਧ ਰਹੀ ਕਿਉਂਕਿ ਕੈਪਟਨ ’ਤੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਕੈਪਟਨ ਨੂੰ ਲੈ ਕੇ ਪਾਰਟੀ ’ਚ ਵਰਕਰਾਂ ਤੋਂ ਰਾਏ ਲਈ ਜਾ ਰਹੀ ਹੈ, ਜਿਸ ਵਿਚ ਰਲੀ-ਮਿਲੀ ਪ੍ਰਤੀਕਿਰਿਆ ਮਿਲ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਇਕ ਵਾਰ ਮੁੜ ਦਿੱਲੀ ’ਚ ਹਨ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕੈਪਟਨ ਭਾਜਪਾ ਦੇ ਨੇਤਾਵਾਂ ਨਾਲ ਬੈਠਕ ਕਰ ਚੁੱਕੇ ਹਨ, ਜਦੋਂਕਿ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਭਾਜਪਾ ਨੇਤਾਵਾਂ ਨਾਲ ਇਹ ਤੀਜੀ ਬੈਠਕ ਹੈ।

Share