ਕੈਨੇਡੀਅਨ ਪੁਲਿਸ ਵੱਲੋਂ ਸਿੱਖ ਅਫਸਰਾਂ ਨੂੰ ਆਪਰੇਸ਼ਨਲ ਡਿਊਟੀਜ਼ ਦੇਣ ਦੇ ਫੈਸਲੇ ਦਾ ਡਬਲਊ.ਐੱਸ.ਓ. ਵੱਲੋਂ ਸਵਾਗਤ

78
Share

ਓਟਾਵਾ, 2 ਅਕਤੂਬਰ (ਪੰਜਾਬ ਮੇਲ)- ਦਾੜ੍ਹੀ ਵਾਲੇ ਸਿੱਖ ਅਫਸਰਾਂ ਨੂੰ ਆਪਰੇਸ਼ਨਲ ਡਿਊਟੀਜ਼ ਦੇਣ ਦੇ ਆਰ.ਸੀ.ਐੱਮ.ਪੀ. ਮਤਲਬ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਫੈਸਲੇ ਦਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਊ.ਐੱਸ.ਓ.) ਵੱਲੋਂ ਸਵਾਗਤ ਕੀਤਾ ਗਿਆ ਹੈ। ਇੱਕ ਬਿਆਨ ਜਾਰੀ ਕਰਕੇ ਆਰ.ਸੀ.ਐੱਮ.ਪੀ. ਨੇ ਐਲਾਨ ਕੀਤਾ ਕਿ ਕੈਨੇਡਾ ਭਰ ਵਿਚ ਦਾੜ੍ਹੀ ਵਾਲੇ ਫੋਰਸ ਦੇ ਜਿੰਨੇ ਵੀ ਮੈਂਬਰ ਪ੍ਰਭਾਵਿਤ ਹੋਏ ਹਨ, ਉਹ ਢੁੱਕਵੀਆਂ ਪੀ.ਪੀ.ਈ. ਧਾਰਨ ਕਰਕੇ ਆਪਣੀਆਂ ਆਪਰੇਸ਼ਨਲ ਡਿਊਟੀਜ਼ ਉੱਤੇ ਪਰਤ ਸਕਦੇ ਹਨ। ਇਹ ਪੀ.ਪੀ.ਈ. ਕਿੱਟਾਂ ਸਬੰਧਤ ਸੂਬਿਆਂ ਦੇ ਕਮਾਂਡਿੰਗ ਅਧਿਕਾਰੀਆਂ ਵੱਲੋਂ ਖਤਰੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਨਿਰਧਾਰਤ ਕੀਤੀਆਂ ਜਾਣਗੀਆਂ।
ਫਿਰ ਵੀ ਇਨ੍ਹਾਂ ਦਾੜ੍ਹੀ ਵਾਲੇ ਮੈਂਬਰਾਂ ਨੂੰ ਉਸ ਸਮੇਂ ਹੀ ਆਪਰੇਸ਼ਨਲ ਜ਼ਿੰਮੇਵਾਰੀ ਦਿੱਤੀ ਜਾਵੇਗੀ, ਜਦੋਂ ਐਕਸਪੋਜ਼ਰ ਦਾ ਖਤਰਾ ਘੱਟ ਹੋਵੇਗਾ ਜਾਂ ਫਿਰ ਬਹੁਗਿਣਤੀ ਵਿਚ ਰਿਸਪਾਂਡਿੰਗ ਅਧਿਕਾਰੀ ਮੌਕੇ ਉੱਤੇ ਮੌਜੂਦ ਹੋਣਗੇ। ਇਸ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਕਿਸੇ ਵੀ ਹਾਲ ਵਿਚ ਆਪਣੇ ਅਧਿਕਾਰੀਆਂ ਜਾਂ ਜਨਤਾ ਨੂੰ ਬਿਨਾਂ ਕਿਸੇ ਕਾਰਨ ਦੇ ਖਤਰੇ ਵਿਚ ਨਹੀਂ ਪਾ ਸਕਦੇ।
ਜ਼ਿਕਰਯੋਗ ਹੈ ਕਿ ਡਬਲਊ.ਐੱਸ.ਓ. ਪ੍ਰਭਾਵਿਤ ਆਰ.ਸੀ.ਐੱਮ.ਪੀ. ਅਧਿਕਾਰੀਆਂ ਦੇ ਪੱਖ ਵਿਚ ਅਪ੍ਰੈਲ 2020 ਤੋਂ ਹੀ ਆਵਾਜ਼ ਉਠਾ ਰਹੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਦਾੜ੍ਹੀ ਵਾਲੇ ਸਿੱਖ ਆਰ.ਸੀ.ਐੱਮ.ਪੀ. ਅਧਿਕਾਰੀਆਂ ਨੂੰ ਮਾਰਚ 2020 ਵਿਚ ਫਰੰਟਲਾਈਨ ਪੁਲਿਸ ਡਿਊਟੀਜ਼ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੇ ਸਾਰੇ ਅਧਿਕਾਰੀ ਐੱਨ-95 ਮਾਸਕ ਪਾਉਣ। ਪਰ ਆਰ.ਸੀ.ਐੱਮ.ਪੀ. ਮੁਤਾਬਕ, ਮੂੰਹ ਉੱਤੇ ਦਾੜ੍ਹੀ ਹੋਣ ਕਾਰਨ ਇਹ ਮਾਸਕ ਚੰਗੀ ਤਰ੍ਹਾਂ ਫਿੱਟ ਬੈਠਦੇ।
ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਐਰੋਸੋਲ ਜੈਨਰੇਟਿੰਗ ਮੈਡੀਕਲ ਪ੍ਰੋਸੀਜ਼ਰ (ਏ.ਜੀ.ਐੱਮ.ਪੀ.) ਚੱਲ ਰਿਹਾ ਹੋਵੇ, ਉੱਥੇ ਹੀ ਐੱਨ-95 ਮਾਸਕ ਦੀ ਲੋੜ ਹੁੰਦੀ ਹੈ ਤੇ ਬਾਕੀ ਕਿਸੇ ਵੀ ਤਰ੍ਹਾਂ ਦੇ ਹਾਲਾਤ ‘ਚ ਰੈਗੂਲਰ ਮੈਡੀਕਲ ਮਾਸਕ ਹੀ ਕਾਫੀ ਹੁੰਦੇ ਹਨ। ਇਸ ਦੌਰਾਨ ਡਬਲਊ.ਐੱਸ.ਓ. ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਰ.ਸੀ.ਐੱਮ.ਪੀ. ‘ਚ ਦਾੜ੍ਹੀ ਵਾਲੇ ਸਿੱਖ ਅਧਿਕਾਰੀ ਹੁਣ ਆਪਣੀਆਂ ਡਿਊਟੀਜ਼ ਆਮ ਢੰਗ ਨਾਲ ਨਿਭਾਅ ਸਕਣਗੇ। ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਮੁੱਦੇ ਨੂੰ ਹੱਲ ਕਰਨ ਵਿਚ ਆਰ.ਸੀ.ਐੱਮ.ਪੀ. ਨੇ ਵਿਸ਼ੇਸ਼ ਦਿਲਚਸਪੀ ਵਿਖਾਈ।


Share