ਕੈਨੇਡਾ ਸਪਾਂਸਰ ਕਰਨ ਲਈ 30 ਹਜ਼ਾਰ ਮਾਪਿਆਂ ਦੀ ਲਾਟਰੀ ਸਿਸਟਮ ਦੁਆਰਾ ਹੋਵੇਗੀ ਚੋਣ

233
Share

ਨਿਊਯਾਰਕ/ ਓਟਵਾ, 21 ਜੁਲਾਈ (ਰਾਜ ਗੋਗਨਾ/ਕੁਲਤਰਨ ਪਧਿਆਣਾ/ ਪੰਜਾਬ ਮੇਲ)- ਕੈਨੇਡਾ ਇੰਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਹੁਣ ਕੈਨੇਡੀਅਨ ਸਿਟੀਜ਼ਨ ਅਤੇ ਪੀ.ਆਰ. ਵਾਸਤੇ ਆਪਣੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਕੈਨੇਡਾ ਵਿਚ ਇੰਮੀਗ੍ਰੇਸ਼ਨ ਵਾਸਤੇ ਸਪਾਂਸਰ ਕਰਨ ਲਈ ਆ ਰਹੇ ਸਤੰਬਰ ਮਹੀਨੇ ’ਚ ਲਗਭਗ 30,000 ਲੋਕਾਂ ਨੂੰ ਬੁਲਾਉਣ ਲਈ ਲਾਟਰੀ ਸਿਸਟਮ ਲਗਾਏਗੀ। ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ -2021 ਲਈ ਇੱਕ ਵਾਰ ਫਿਰ ਲਾਟਰੀ ਲਗਾਈ ਜਾਵੇਗੀ। ਇਹ ਲਾਟਰੀ 20 ਸਤੰਬਰ, 2021 ਦੇ ਪਹਿਲੇ ਹਫ਼ਤੇ ਦੌਰਾਨ ਲੱਗੇਗੀ, ਜਿਸ ਤੋਂ ਬਾਅਦ ਦੋ ਹਫ਼ਤਿਆਂ ਦੌਰਾਨ ਈਮੇਲ ਰਾਹੀ ਚੁਣੇ ਗਏ ਵਿਅਕਤੀਆਂ ਨੂੰ ਅਪਲਾਈ ਕਰਨ ਲਈ ਸੱਦੇ ਪੱਤਰ ਭੇਜੇ ਜਾਣਗੇ। ਬੁਲਾਏ ਗਏ ਵਿਅਕਤੀਆਂ ਕੋਲ ਕੈਨੇਡੀਅਨ ਸਰਕਾਰ ਨੂੰ ਆਪਣੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਜਮ੍ਹਾ ਕਰਨ ਲਈ 60 ਦਿਨਹੋਣਗੇ। ਬਿਨੈਕਾਰ ਨੂੰ ਸਾਲ 2018, 2019 ਅਤੇ 2020 ਦੀ ਆਪਣੀ ਇਨਕਮ ਵਿਖਾਉਣੀ ਪਵੇਗੀ, ਜਿਸ ਵਿਚ ਸੀ.ਈ.ਆਰ.ਬੀ. ਅਤੇ ਈ.ਆਈ. ਦੀ ਇਨਕਮ ਵੀ ਵਿਖਾਈ ਜਾ ਸਕਦੀ ਹੈ। ਇਹ ਲਾਟਰੀ ਸਿਸਟਮ ਅਤੇ ਪੀ.ਜੀ.ਪੀ. ਸੰਨ 2021 ਦੇ ਹੋਰ ਵੇਰਵਿਆਂ ਦੀ ਜਾਣਕਾਰੀ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਜਾਰੀ ਕੀਤੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਸ ਲਾਟਰੀ ਸਿਸਟਮ ਦੀ ਕੈਨੇਡਾ ਵਿਖੇ ਕਾਫ਼ੀ ਸਮੇਂ ਤੋਂ ਲਗਾਤਾਰ ਆਲੋਚਨਾ ਹੁੰਦੀ ਰਹੀ ਹੈ ਅਤੇ ਇਸ ਵਿਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਬਰੈਂਪਟਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਸੀ ਕਿ ਕੈਨੇਡਾ ਆਉਣ ਵਾਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਨੂੰ ਹੋਰ ਨਰਮ ਕਰਨ ’ਤੇ ਪੂਰਾ ਜ਼ੋਰ ਦੇਵੇਗਾ ਕਿਉਂਕਿ ਕੈਨੇਡਾ ਇੰਮੀਗ੍ਰਾਂਟਸ ਦਾ ਮੁਲਕ ਹੈ, ਜਦੋਂਕਿ ਫਰਾਡ ਵਿਆਹਾਂ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮੀਡੀਆ ਵੱਲੋਂ ਸਖਤੀ ਦੀ ਮੰਗ ਕੀਤੀ ਜਾ ਰਹੀ ਸੀ।


Share