ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਐਪ ‘ਚ ਆਪਣੀ ਜਾਣਕਾਰੀ ਦੇਣਾ ਜ਼ਰੂਰੀ

90
Share

* ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਲਾਈ ਨਵੀਂ ਸ਼ਰਤ
ਟੋਰਾਂਟੋ, 5 ਨਵੰਬਰ (ਪੰਜਾਬ ਮੇਲ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਕੈਨੇਡਾ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਦੇਸ਼ ‘ਚ ਦਾਖਲ ਕਰਨ ਲਈ ਬੀਤੇ ਦਿਨੀਂ ਇਕ ਨਵੀਂ ਸ਼ਰਤ ਦਾ ਐਲਾਨ ਕੀਤਾ ਹੈ, ਜਿਸ ਤਹਿਤ 21 ਨਵੰਬਰ ਤੋਂ ਕੈਨੇਡਾ ‘ਚ ਪਹੁੰਚਣ ਵਾਲੇ ਯਾਤਰੀਆਂ ਨੂੰ ਜਹਾਜ਼ ‘ਚ ਚੜ੍ਹਨ ਤੋਂ ਪਹਿਲਾਂ ਆਪਣੀ ਜਾਣਕਾਰੀ ਨੂੰ ਇਲੈਕਟ੍ਰਾਨਿਕ ਤੌਰ ‘ਤੇ (ਫੋਨ ਜਾਂ ਕੰਪਿਊਟਰ ਦੀ ਮਦਦ ਨਾਲ) ਐਰਾਈਵ-ਕੈਨ ਐਪ ਰਾਹੀਂ ਦੇਣ ਦੀ ਜ਼ਰੂਰਤ ਹੋਵੇਗੀ। ਐਪ ‘ਚ ਦਿੱਤੀ ਜਾਣਕਾਰੀ ਯਾਤਰੀ ਤੋਂ ਪਹਿਲਾਂ ਕੈਨੇਡਾ ‘ਚ ਸਰਕਾਰ ਦੇ ਕੰਪਿਊਟਰਾਂ ‘ਚ ਪੁੱਜ ਜਾਇਆ ਕਰੇਗੀ ਅਤੇ ਹਵਾਈ ਅੱਡੇ ਅੰਦਰ ਇਮੀਗ੍ਰੇਸ਼ਨ ਅਧਿਕਾਰੀ ਉਸ ਨੂੰ ਦੇਖ-ਪਰਖ ਸਕਣਗੇ। ਯਾਤਰੀ ਦੀ ਸੰਪਰਕ ਜਾਣਕਾਰੀ ‘ਚ ਕੁਆਰੰਟਾਈਨ ਯੋਜਨਾ ਅਤੇ ਕੋਵਿਡ-19 ਸਵੈ-ਮੁਲਾਂਕਣ (ਸਵਾਲਾਂ ਦੇ ਜਵਾਬ) ਸ਼ਾਮਲ ਹੋਵੇਗਾ। ਕੈਨੇਡਾ ਵਿਚ ਦਾਖਲ ਹੋਣ ਵੇਲੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਆਪਣੀ ਐਪ ‘ਚ ਭਰੀ ਜਾਣਕਾਰੀ ਦੀ ਰਸੀਦ ਦਿਖਾਉਣੀ ਪਵੇਗੀ। ਉਹ ਲੋਕ ਜੋ ਕਿਸੇ ਅਪੰਗਤਾ ਜਾਂ ਹੋਰ ਮੰਨੇ ਜਾ ਸਕਣ ਵਾਲੇ ਨਿੱਜੀ ਕਾਰਨ ਕਰਕੇ ਐਪ ਰਾਹੀਂ ਜਾਣਕਾਰੀ ਨਹੀਂ ਦੇ ਸਕਣਗੇ, ਉਨ੍ਹਾਂ ਲਈ ਕੈਨੇਡਾ ‘ਚ ਦਾਖਲ ਹੋ ਕੇ 1-833-641-0343 ਟੈਲੀਫੋਨ ਨੰਬਰ ‘ਤੇ ਕਾਲ ਕਰਨਾ ਜ਼ਰੂਰੀ ਹੋਵੇਗਾ।


Share